ਸੁਖਜਿੰਦਰ ਮਾਨ
ਬਠਿੰਡਾ, 3 ਮਈ : ਘੱਟ ਪਾਣੀ ਨਾਲ ਪੈਦਾ ਕੀਤੀਆਂ ਜਾਣ ਵਾਲੀਆਂ ਫਸਲਾਂ ਦੀ ਬਿਜਾਈ ਕਰਕੇ ਕਿਸਾਨ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਮਿਆਰ ਦੀ ਸਮੱਸਿਆ ਰੋਕਣ ਵਿੱਚ ਸਹਾਈ ਹੋ ਸਕਦੇ ਹਨ। ਇਹ ਵਿਚਾਰ ਡਾ: ਜਗਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਬਠਿੰਡਾ ਨੇ ਪ੍ਰਗਟ ਕੀਤੇ। ਪਿੰਡ ਜੱਸੀ ਪੌ ਵਾਲੀ ਵਿਖੇ ਆਯੋਜਿਤ ਇੱਕ ਕਿਸਾਨ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਡਾ: ਜਗਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇਂ ਦੀ ਬਿਜਾਈ ਕਰਕੇ ਪਾਣੀ ਦੀ ਬੱਚਤ ਕਰਨ। ਉਹਨਾਂ ਨਰਮੇਂ ਦੀ ਬਿਜਾਈ ਬਾਰੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਾਈ ਲਈ ਨਹਿਰੀ ਜਾਂ ਹੋਰ ਸਾਧਨ ਤੋਂ ਚੰਗੇ ਪਾਣੀ ਨਾਲ ਖੇਤ ਦੀ ਭਰਵੀਂ ਰੌਣੀ ਕਰਕੇ ਡੂੰਘੀ ਵਹਾਈ ਨਾਲ ਹਰ ਹਾਲਤ 15 ਮਈ ਤੱਕ ਬਿਜਾਈ ਮੁਕੰਮਲ ਕਰ ਲੈਣ। ਖਾਦ ਪ੍ਰਬੰਧਨ ਬਾਰੇ ਉਹਨਾਂ ਦੱਸਿਆ ਕਿ ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਸਮੇਂ 20 ਕਿਲੋ ਮਿਊਰੇਟ ਆਫ ਪੋਟਾਸ਼ ਅਤੇ 10 ਕਿਲੋ ਜਿੰਕ ਸਲਫੇਟ ਹੈਪਟਾਹਾਈਡਰੇਟ ਜਾਂ 6.5 ਕਿਲੋ ਜਿੰਦ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ ਕੀਤੀ ਗਈ ਹੈ। ਉਹਨਾਂ ਕਿਸਾਨਾਂ ਨੂੰ ਖੇਤਾਂ ਦੇ ਆਲੇ ਦੁਆਲੇ ਤੋਂ ਨਦੀਨ ਜਿਵੇਂ ਤਾਂਦਲਾ, ਇੱਟ ਸਿੱਟ, ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ ਆਦਿ ਨਸ਼ਟ ਕਰਨ ਦਾ ਵੀ ਸੁਝਾਅ ਦਿੱਤਾ, ਜਿਸ ਨਾਲ ਚਿੱਟੀ ਮੱਖੀ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਉਹਨਾਂ ਫ਼ਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬੀਣ ਦੀ ਸਲਾਹ ਦਿੱਤੀ। ਗੁਰਮਿਲਾਪ ਸਿੰਘ ਬਲਾਕ ਟੈਕਨਾਲੌਜੀ ਮੈਨੇਜਰ ਨੇ ਸਰਕਾਰ ਵੱਲੋਂ ਬੀਜ ਤੇ ਦਿੱਤੀ ਜਾਣ ਵਾਲੀ 33 ਫੀਸਦੀ ਸਬਸਿਡੀ ਲੈਣ ਲਈ ਅਪਲਾਈ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸੁਪਰਵਾਈਜਰ ਗੁਰਸ਼ਰਨ ਕੌਰ, ਕਿਸਾਨ ਮਿੱਤਰ ਬਲਕਰਨ ਸਿੰਘ ਸਮੇਤ ਮੋਹਤਬਰ ਵਿਅਕਤੀ ਤੇ ਅਗਾਂਹਵਧੂ ਕਿਸਾਨ ਮੌਜੂਦ ਸਨ।
ਨਰਮੇਂ ਦੀ ਫ਼ਸਲ ਨੂੰ ਪ੍ਰਫੁੱਲਿਤ ਕਰਨ ਲਈ ਕਿਸਾਨ ਕੈਂਪ ਆਯੋਜਿਤ
5 Views