ਸੁਖਜਿੰਦਰ ਮਾਨ
ਬਠਿੰਡਾ, 5 ਅਕਤੂਬਰ:ਗੁਲਾਬੀ ਸੁੰਡੀ ਤੇ ਭਾਰੀ ਮੀਂਹ ਕਰਕੇ ਨਰਮੇ ਦੀ ਫਸਲ ਦੇ ਹੋਏ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਅਗਵਾਈ ਹੇਠ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਧਰਨਾ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਬੈਰੀਗੇਡਿੰਗ ਕੀਤੀ ਹੋਈ ਸੀ ਪ੍ਰੰਤੂ ਪਿੰਡ ਘੁੱਦੇ ਤੋਂ ਚੱਲਿਆ ਕਿਸਾਨਾਂ ਦਾ ਕਾਫ਼ਲਾ ਬੈਰੀਗੇਡਿੰਗਾਂ ਨੂੰ ਤੋੜਦਾ ਹੋਇਆ ਅੱਗੇ ਵਧ ਗਿਆ। ਜਥੇਬੰਦੀ ਦੇ ਸੂਬਾ ਸਕੱਤਰ ਹਰਿੰਦਰ ਬਿੰਦੂ,ਜਿਲ੍ਹਾ ਬਠਿੰਡਾ ਦੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ,ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ,ਜਿਲ੍ਹਾ ਫਾਜਲਿਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ,ਜਿਲ੍ਹਾ ਮੁਕਤਸਰ ਸਾਹਿਬ ਦੇ ਜਰਨਲ ਸਕੱਤਰ ਗੁਰਭਗਤ ਭਲਾਈਆਣਾ, ਜਿਲ੍ਹਾ ਫਰੀਦਕੋਟ ਦੇ ਆਗੂ ਨੱਥਾ ਸਿੰਘ ਰੋੜੀਕਪੂਰਾ ਆਦਿ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਗੁਲਾਬੀ ਸੁੰਡੀ ਤੋਂ ਇਲਾਵਾ ਭਾਰੀ ਬਾਰਸ ਦੇ ਕਾਰਨ ਨਰਮਾ ਅਤੇ ਹੋਰ ਫਸਲਾਂ ਵੀ ਤਬਾਹ ਹੋ ਚੁੱਕੀਆਂ ਹਨ ।ਉਨ੍ਹਾਂ ਕਿਹਾ ਕਿ ਜਿੱਥੇ ਫਸਲਾਂ ਦੀ ਬਰਬਾਦੀ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਮਜਦੂਰਾਂ ਦਾ ਰੁਜਗਾਰ ਵੀ ਖੁੱਸ ਗਿਆ ਹੈ ਜੋ ਕਿ ਨਰਮੇ ਦੀ ਖੇਤੀ ਚੋਂ ਸਭ ਤੋਂ ਵੱਧ ਰੁਜਗਾਰ ਮਿਲਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ 60 ਹਜਾਰ ਰੁਪਏ, ਮਜਦੂਰਾਂ ਨੂੰ 30 ਹਜਾਰ ਰੁਪਏ ਪ੍ਰਤੀ ਪਰਿਵਾਰ ਤੁਰੰਤ ਦੇਣ ਤੋਂ ਇਲਾਵਾ ਨਕਲੀ ਕੀਟਨਾਸਕ ਦਵਾਈਆਂ ਅਤੇ ਬੀਜ ਵੇਚਣ ਤੇ ਬਣਾਉਣ ਵਾਲੀਆਂ ਕੰਪਨੀਆਂ ਤੇ ਸਬੰਧਤ ਅਧਿਕਾਰੀਆਂ ਵਿਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਐਲਾਨ ਕੀਤਾ ਕਿ ਜਿੰਨ੍ਹਾਂ ਸਮਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਨ੍ਹਾਂ ਸਮਾਂ ਉਹ ਵਿਤ ਮੰਤਰੀ ਦੇ ਘਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ।
ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਘੇਰਿਆ ਵਿਤ ਮੰਤਰੀ ਦਾ ਘਰ
45 Views