ਨਸ਼ੇ ਕਾਰਨ ਮਰੇ ਨੌਜਵਾਨ ਦੇ ਪ੍ਰਵਾਰ ਨਾਲ ਜਤਾਈ ਹਮਦਰਦੀ
ਸੁਖਜਿੰਦਰ ਮਾਨ
ਬਠਿੰਡਾ, 15 ਮਈ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਜਿੱਥੇ ਸਰਕਾਰੀ ਸਖਤੀ ਦੀ ਮੰਗ ਕੀਤੀ ਹੈ ਉਥੇ ਨਸ਼ਿਆਂ ਦੀ ਦੁਨੀਆਂ ਚ ਗ੍ਰਸਤ ਨੌਜਵਾਨਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਦੀ ਅਪੀਲ ਵੀ ਕੀਤੀ ਹੈ। ਅੱਜ ਬਠਿੰਡਾ ਦੀ ਧੋਬੀਆਣਾ ਬਸਤੀ ‘ਚ ਪਿਛਲੇ ਦਿਨੀਂ ਨਸੇ ਦੀ ਓਵਰਡੋਜ ਕਾਰਨ ਮਾਰੇ ਗਏ ਆਕਾਸ਼ਦੀਪ ਸਿੰਘ ਨਾਂ ਦੇ ਨੌਜਵਾਨ ਦੇ ਪ੍ਰਵਾਰ ਨਾਲ ਵਿਸੇਸ ਤੌਰ ਤੇ ਹਮਦਰਦੀ ਜਤਾਉਣ ਪੁੱਜੇ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ‘‘ ਨਸ਼ਿਆਂ ਦੀ ਅਲਾਮਤ ਵੀ ਇਂੱਕ ਬੀਮਾਰੀ ਦੀ ਤਰ੍ਹਾਂ ਹੈ, ਜਿਸਦਾ ਇਲਾਜ਼ ਕੀਤਾ ਜਾ ਸਕਦਾ ਹੈ। ’’ ਉਨ੍ਹਾਂ ਕਿਹਾ ਕਿ ਇਸਦੇ ਲਈ ਕੋਈ ਇੱਕ ਪਾਰਟੀ ਨਹੀਂ, ਬਲਕਿ ਮੌਜੂਦਾ ਸਰਕਾਰ ਸਹਿਤ ਪਿਛਲੀਆਂ ਤਿੰਨ ਸਰਕਾਰਾਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਹ ਸਮਾਂ ਇਕ ਦੂਜੇ ’ਤੇ ਦੋਸ਼ ਲਗਾਉਣ ਦਾ ਨਹੀਂ ਹੈ ਬਲਕਿ ਸੂਬੇ ਵਿੱਚ ਹੋ ਰਹੀਆਂ ਮੌਤਾਂ ਪ੍ਰਤੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਨਵਜੋਤ ਸਿੱਧੂ ਨੇ ਜਿੱਥੇ ਸਿਆਸੀ ਆਗੂਆਂ, ਪੁਲਿਸ ਤੇ ਨਸ਼ਾ ਤਸਕਰਾਂ ਵਿਚਕਾਰ ਬਣੇ ਗੱਠਜੋੜ ਨੂੰ ਤੋੜਨ ਦਾ ਸੱਦਾ ਦਿੱਤਾ, ਉਥੇ ਸੂਬੇ ਅੰਦਰ ਨਸ਼ਾਖੋਰੀ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ। ਉਨ੍ਹਾਂ ਭਗਵੰਤ ਮਾਨ ਸਰਕਾਰ ’ਤੇ ਵੀ ਤਿੱਖੇ ਹਮਲੇ ਕਰਦਿਆਂ ਕਿਹਾ ਕਿ 60 ਦਿਨਾਂ ਦੀ ਇਸ ਸਰਕਾਰ ਦੌਰਾਨ ਇੰਨੀਆਂ ਹੀ ਮੌਤਾਂ ਨਸ਼ਿਆਂ ਕਾਰਨ ਹੋ ਚੁੱਕੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਕ ਟੋਲ ਫਰੀ ਹੈਲਪਲਾਈਨ ਨੰਬਰ ਜਾਰੀ ਕਰੇ, ਜਿਸ ਉਪਰ ਫ਼ੋਨ ਕਰਨ ਤੋਂ ਬਾਅਦ ਇੱਕ ਐਂਬੂਲੈਂਸ ਦਾ ਪ੍ਰਬੰਧ ਹੋਵੇ ਤੇ ਤੁਰੰਤ ਓਵਰਡੋਜ਼ ਦੀ ਚਪੇਟ ’ਚ ਆਏ ਨੌਜਵਾਨਾਂ ਨੂੰ ਹਸਪਤਾਲਾਂ ਵਿਚ ਭੇਜਿਆ ਜਾਵੇ। ਇਸਦੇ ਨਾਲ ਹੀ ਉਨਾਂ੍ਹ ਮਾਪਿਆਂ ਤੇ ਹੋਰਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਸੇ ਨੌਜਵਾਨਾਂ ਨਾਲ ਹਮਦਰਦੀ ਵਾਲਾ ਵਤੀਰਾ ਅਪਣਾਉਣ ਲਈ ਵੀ ਕਿਹਾ ਕਿ ਤਾਂ ਕਿ ਰਾਸਤੇ ਤੋਂ ਭੜਕੇ ਨੌਜਵਾਨ ਘਰ ਵਾਪਸੀ ਕਰ ਸਕਣ। ਇਸ ਦੌਰਾਨ ਬੇਸ਼ੱਕ ਉਨ੍ਹਾਂ ਕੋਈ ਸਿਆਸੀ ਗੱਲ ਕਰਨ ਤੋਂ ਗੁਰੇਜ਼ ਕੀਤਾ ਪ੍ਰੰਤੂ ਸੁਨੀਲ ਜਾਖ਼ੜ ਦੇ ਫੈਸਲੇ ਨੂੰ ਪਾਰਟੀ ਲੲਂੀ ਗਲਤ ਦਸਿਆ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ਼ ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਨਿਰਮਲ ਸਿੰਘ ਮਾਨਸ਼ਾਹੀਆ, ਪਿਰਮਿਲ ਸਿੰਘ, ਅਸਵਨੀ ਸੇਖੜੀ, ਨਵਤੇਜ ਸਿੰਘ ਚੀਮਾ, ਹਰਦਿਆਲ ਸਿੰਘ ਕੰਬੋਜ਼, ਸੁਰਜੀਤ ਸਿੰਘ ਧੀਮਾਨ ਅਦਿ ਹਾਜਰ ਰਹੇ।
Share the post "ਨਵਜੋਤ ਸਿੰਘ ਸਿੱਧੂ ਦਾ ਦਾਅਵਾ, ਸਰਕਾਰੀ ਸਖਤੀ ਦੇ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਵੀ ਜਰੂਰੀ"