ਬਾਦਲ ਪਰਿਵਾਰ ਨੇ ਖੁੱਡੀਆ ਪਰਿਵਾਰ ‘ਤੇ ਬਹੁਤ ਜ਼ੁਲਮ ਕੀਤੇ, ਇਸ ਵਾਰ ਸਿਖਾਵਾਂਗੇ ਸਬਕ
ਸੁਖਜਿੰਦਰ ਮਾਨ
ਮਲੋਟ (ਮੁਕਤਸਰ) 7 ਫਰਵਰੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਗੜ ਲੰਬੀ ਵਿੱਚ ਬਾਦਲ ਪਰਿਵਾਰ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਪੰਜਾਬ ਦੀ ਹਵਾ ਹੁਣ ਬਦਲ ਚੁੱਕੀ ਹੈ। ਇਸ ਵਾਰ ਬਾਦਲ ਪਰਿਵਾਰ ਦੀ ਰਾਜਨੀਤੀ ਦਾ ਅੰਤ ਹੋਣ ਵਾਲਾ ਹੈ। ਸੱਤਾ ਦੇ ਲਾਲਚ ਕਾਰਨ ਵੱਡੇ ਬਾਦਲ ਸੇਵਾ ਕਰਵਾਉਣ ਦੀ ਉਮਰ ਵਿੱਚ ਲੋਕਾਂ ਕੋਲੋਂ ਸੇਵਾ ਕਰਨ ਦਾ ਇੱਕ ਹੋਰ ਮੌਕਾ ਮੰਗ ਰਹੇ ਹਨ। 94 ਸਾਲ ਦੀ ਉਮਰ ਵਿੱਚ ਲੋਕ ਭਗਵਾਨ ਦਾ ਨਾਂਅ ਲੈਂਦੇ ਹਨ ਅਤੇ ਘਰ ਦੇ ਛੋਟੇ ਬੱਚਿਆਂ ਦੇ ਨਾਲ ਹੱਸਦੇ- ਖੇਡਦੇ ਹਨ। ਪਰ ਸੱਤਾ ਅਤੇ ਪਰਿਵਾਰ ਦੇ ਮੋਹ ਵਿੱਚ ਭਗਵਾਨ ਦਾ ਨਾਂਅ ਲੈਣ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੁਢਾਪੇ ਵਿੱਚ ਵੀ ਚੋਣ ਲੜ ਰਹੇ ਹਨ।
ਮਾਨ ਨੇ ਪ੍ਰਕਾਸ਼ ਸਿੰਘ ਬਾਦਲ ‘ਤੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਦੀਆਂ ਸਤਰਾਂ ਰਾਹੀਂ ਤੰਜ ਕਰਦਿਆਂ ਕਿਹਾ, ‘‘ਪਿੱਪਲ ਦੇ ਪੱਤਿਆ ਕਾਅਦੀ ਖੜ- ਖੜ ਲਾਈ ਹੈ, ਪੱਤ ਝੜ ਗਏ .. .. .. ਰੁੱਤ ਨਵਿਆਂ ਦੀ ਆਈ ਹੈ।‘‘ ਉਨਾਂ ਕਿਹਾ ਕਿ ਇਹ ਸਮਾਂ ਪੰਜਾਬ ਦੇ ਨੌਜਵਾਨਾਂ ਦਾ ਹੈ, ਪੰਜਾਬ ਦੀ ਨਵੀਂ ਪੀੜੀ ਦਾ ਹੈ। ਨੌਜਵਾਨ ਹੀ ਹੁਣ ਪੰਜਾਬ ਦਾ ਭਵਿੱਖ ਤੈਅ ਕਰਨਗੇ। ਪਰ ਨਵੇਂ ਲੋਕਾਂ ਨੂੰ ਮੌਕਾ ਦੇਣ ਦੀ ਥਾਂ ਵੱਡੇ ਬਾਦਲ ਪਿਛਲੇ ਤਿੰਨ ਚੋਣਾ ਤੋਂ ਆਖਰੀ ਬਾਰ ਬੋਲਕਾਰ ਚੋਣਾ ਲੜਦੇ ਆ ਰਹੇ ਹਨ। ਉਨਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆਂ ‘ਆਪ‘ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਦੇ ਪਰਿਵਾਰ ‘ਤੇ ਬਹੁਤ ਜ਼ੁਲਮ ਕੀਤੇ ਸਨ। ਪਰ ਖੁੱਡੀਆ ਪਰਿਵਾਰ ਨੇ ਕਦੇ ਵੀ ਲੋਕਾਂ ਦਾ ਸਾਥ ਨਹੀਂ ਛੱਡਿਆ। ਹਮੇਸ਼ਾਂ ਲੋਕਾਂ ਦੇ ਨਾਲ ਖੜੇ ਰਹੇ। ਇਸ ਵਾਰ ਲੰਬੀ ਦੇ ਲੋਕ ਬਾਦਲ ਪਰਿਵਾਰ ਨੂੰ ਉਨਾਂ ਦੇ ਸਾਰੇ ਜ਼ੁਲਮਾਂ ਦਾ ਸਬਕ ਸਿਖਾਉਣਗੇ।
ਸੋਮਵਾਰ ਨੂੰ ਭਗਵੰਤ ਮਾਨ ਨੇ ਲੰਬੀ, ਗਿੱਦੜਬਾਹਾ ਅਤੇ ਮਲੋਟ ਵਿਧਾਨ ਸਭਾ ਖੇਤਰਾਂ ਦੇ ਵੱਖ- ਵੱਖ ਇਲਾਕਿਆਂ ਵਿੱਚ ‘ਆਪ‘ ਉਮੀਦਵਾਰਾਂ ਦੇ ਪੱਖ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਨਾਂ ਲੋਕਾਂ ਨੂੰ ਲੰਬੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ, ਗਿੱਦੜਬਾਹਾ ਦੇ ਉਮੀਦਵਾਰ ਪ੍ਰੀਤਪਾਲ ਸ਼ਰਮਾ ਅਤੇ ਮਲੋਟ ਦੇ ਉਮੀਦਵਾਰ ਡਾ. ਬਲਜੀਤ ਕੌਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਚੋਣ ਪ੍ਰਚਾਰ ਦੌਰਾਨ ਮਾਨ ਨੇ ਕਈ ਥਾਵਾਂ ‘ਤੇ ਲੋਕਾਂ ਨੂੰ ਸੰਬੋਧਨ ਕੀਤਾ। ਲੋਕਾਂ ਵਿੱਚ ਮਾਨ ਦੇ ਪ੍ਰਤੀ ਭਾਰੀ ਉਤਸ਼ਾਹ ਸੀ। ਭਾਰੀ ਸੰਖਿਆਂ ਵਿੱਚ ਲੋਕ ਮਾਨ ਨੂੰ ਸੁਣਨ ਲਈ ਆਪਣੇ ਘਰਾਂ ਤੋਂ ਨਿਕਲੇ। ਥਾਂ -ਥਾਂ ਫੁੱਲ ਬਰਸਾ ਕੇ ਅਤੇ ਹਾਰ ਪਹਿਨਾ ਕੇ ਲੋਕਾਂ ਨੇ ਮਾਨ ਦਾ ਸਵਾਗਤ ਕੀਤਾ ਅਤੇ ਜਿੱਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮਾਨ ਦੇ ਨਾਲ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਕਈ ਸੂਬਾ ਪੱਧਰੀ ਅਤੇ ਸਥਾਨਕ ਆਗੁ ਵੀ ਮੌਜ਼ੂਦ ਸਨ।
ਮਾਨ ਨੇ ਬਾਦਲ ਅਤੇ ਕਾਂਗਰਸ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੋਨਾਂ ਪਾਰਟੀਆਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਧੋਖ਼ਾ ਕੀਤਾ ਅਤੇ ਉਨਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤਾ। ਪਿਛਲੇ ਇੱਕ ਦਸਕ ਤੋਂ ਪੰਜਾਬ ਦੇ ਨੌਜਵਾਨ ਰੋਜ਼ਗਾਰ ਲਈ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ। ਲੱਖਾਂ ਨੌਜਵਾਨਾਂ ਦੀ ਸਰਕਾਰੀ ਨੌਕਰੀ ਪਾਉਣ ਦੀ ਉਮਰ ਖ਼ਤਮ ਹੋ ਗਈ। ਪਰ ਨਾ ਤਾਂ ਬਾਦਲ, ਭਾਜਪਾ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਕਦਮ ਚੁੱਕੇ। ਕਾਂਗਰਸ ਦੀ ਸਰਕਾਰ ਨੇ ਘਰ- ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਪੰਜ ਸਾਲਾਂ ਤੱਕ ਪੰਜਾਬ ਦੇ ਨੌਜਵਾਨਾਂ ‘ਤੇ ਪੁਲੀਸ ਦੀਆਂ ਡਾਂਗਾਂ ਚਲਾਈਆਂ ਅਤੇ ਰੋਜ਼ਗਾਰ ਦੇ ਝੂਠੇ ਮੇਲੇ ਲਗਾ ਕੇ ਨੌਜਵਾਨਾਂ ਨੂੰ ਬੇਵਕੂਫ਼ ਬਣਾਇਆ ਗਿਆ।
ਮਾਨ ਨੇ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ। ਬੇਰੁਜ਼ਗਾਰ ਨੌਜਵਾਨਾਂ ਨੂੰ ਚੰਗੀ ਨੌਕਰੀ ਦੇ ਮੌਕੇ ਪ੍ਰਦਾਨ ਕਰਨਗੇ ਅਤੇ ਖੁੱਦ ਦਾ ਵਪਾਰ ਕਰਨ ਲਈ ਸਰਕਾਰੀ ਮਦਦ ਦੇਣਗੇ। ਸਾਡਾ ਉਦੇਸ਼ ਬੇਰੁਜ਼ਗਾਰਾਂ ਨੂੰ ਸਿਰਫ਼ ਰੋਜ਼ਗਾਰ ਦੇਣਾ ਹੀ ਨਹੀਂ, ਉਨਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣਾ ਹੈ। ਨੌਜਵਾਨਾਂ ਦੇ ਵਿਦੇਸ਼ ਜਾਣ ਦੀ ਕਿਰਿਆ ਨੂੰ ਰੋਕਾਂਗੇ ਅਤੇ ਉਨਾਂ ਨੂੰ ਪੰਜਾਬ ਵਿੱਚ ਹੀ ਭਰਪੂਰ ਮੌਕੇ ਅਤੇ ਸਾਧਨ ਪ੍ਰਦਾਨ ਕਰਨਗੇ। ਮਾਨ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ ਸਭ ਨੇ ਮਿਲ ਕੇ ਪੰਜਾਬ ਦੀ ਕਿਸਮਤ ਬਦਲਣੀ ਹੈ। ਬੱਚਿਆਂ ਅਤੇ ਪੰਜਾਬ ਨੂੰ ਸੁਰੱਖਿਅਤ ਭਵਿੱਖ ਲਈ ਇਸ ਵਾਰ ਝਾੜੂ ਵਾਲਾ ਬਟਨ ਦੱਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾਵੇ।
Share the post "ਨਵੀਂ ਪੀੜੀ ਨੂੰ ਮੌਕਾ ਦੇਣ ਦੀ ਥਾਂ ਸੱਤਾ ਦੇ ਲਾਲਚ ਵਿੱਚ ਪਏ ਹਨ ਵੱਡੇ ਬਾਦਲ: ਭਗਵੰਤ ਮਾਨ"