ਸੁਖਜਿੰਦਰ ਮਾਨ
ਬਠਿੰਡਾ, 20 ਜੁਲਾਈ: ਕੁੱਝ ਨੌਸਰਬਾਜਾਂ ਵਲੋਂ ਇੱਕ ਪ੍ਰਾਪਟੀ ਨਾਲ ਅਨੌਖੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀਆਂ ਨੇ ਇਸ ਬਜੁਰਗ ਪ੍ਰਾਪਟੀ ਡੀਲਰ ਨੂੰ ਪੈਸਿਆਂ ਦੇ ਲਾਲਚ ’ਚ ਇਸ ਤਰ੍ਹਾਂ ਫ਼ਸਾਇਆ ਕਿ ਉਸਨੇ ਇੰਨ੍ਹਾਂ ਦੇ ਕਹਿਣ ’ਤੇ ਮਾਰਵਾੜੀ ਘੋੜੇ ਦੀ ਥਾਂ ’ਤੇ ਪੌਣੇ 14 ਲੱਖ ’ਚ ਖੱਚਰ ਹੀ ਖ਼ਰੀਦ ਲਈ। ਘੋੜਿਆਂ ਦੀ ਨਸਲ ਤੋਂ ਅਣਜਾਣ ਜਦ ਇਸ ਪ੍ਰਾਪਟੀ ਡੀਲਰ ਨੂੰ ਅਪਣੇ ਨਾਲ ਵੱਜੀ ਠੱਗੀ ਬਾਰੇ ਪਤਾ ਚੱਲਿਆ ਤਦ ਤੱਕ ਨੌਸਰਬਾਜ਼ ਫ਼ੁਰਰ ਹੋ ਗਏ। ਫ਼ਿਲਹਾਲ ਥਾਣਾ ਕੋਟਫੱਤਾ ਦੀ ਪੁਲਿਸ ਨੇ ਅਬੋਹਰ ਵਾਸੀ ਇਸ ਪੀੜਤ ਪ੍ਰਾਪਟੀ ਡੀਲਰ ਦੇ ਬਿਆਨਾਂ ਉਪਰ ਇੰਦਰਜੀਤ ਸਿੰਘ ਵਾਸੀ ਬੰਘੇਰ ਮੁਹੱਬਤ, ਰਾਜ ਵਾਸੀ ਬਰਨਾਲਾ, ਨਵੀ ਦਲਾਲ ਵਾਸੀ ਗਿੱਦੜਬਾਹਾ ਅਤੇ ਇੱਕ ਹੋਰ ਨਾਮਾਲੂਮ ਵਿਅਕਤੀ ਵਿਰੁਧ ਧਾਰਾ 420 ਅਤੇ 120 ਬੀ ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਮੁਦਈ ਅਵਤਾਰ ਸਿੰਘ ਨੇ ਦਸਿਆ ਕਿ ਉਹ ਅਬੋਹਰ ਇਲਾਕੇ ਵਿਚ ਪ੍ਰਾਪਟੀ ਡੀਲਰ ਦਾ ਕੰਮ ਕਰਦਾ ਹੈ। ਅਪ੍ਰੈਲ ਮਹੀਨੇ ਵਿਚ ਕਥਿਤ ਦੋਸ਼ੀ ਉਸਦੇ ਕੋਲ ਅਬੋਹਰ ਆਏ ਸਨ, ਜਿੰਨ੍ਹਾਂ ਕੋਈ ਜਮੀਨ ਦਿਵਾਉਣ ਲਈ ਕਿਹਾ ਸੀ। ਇਸ ਦੌਰਾਨ ਇੰਨ੍ਹਾਂ ਨਾਲ ਉਸਦਾ ਤਾਲਮੇਲ ਹੋ ਗਿਆ ਤੇ ਘੋੜਿਆਂ ਦੀ ਗੱਲ ਚੱਲ ਪਈ। 14 ਅਪ੍ਰੈਲ ਨੂੰ ਅਰੋਪੀ ਉਸਨੂੰ ਅਬੋਹਰ ਤੋਂ ਹੀ ਇਹ ਕਹਿ ਕੇ ਕਾਰ ’ਤੇ ਚੜਾ ਕੇ ਤਲਵੰਡੀ ਸਾਬੋ ਨਜਦੀਕ ਪਿੰਡ ਬੰਘੇਹਰ ਮੁਹੱਬਤ ਵਿਖੇ ਲੈ ਗਏ ਕਿ ਉਥੇ ਉਨ੍ਹਾਂ ਘੋੜਾ ਵੇਖਣ ਜਾਣਾ ਹੈ। ਜਿੱਥੇ ਦਾਅਵਾ ਕੀਤਾ ਗਿਆ ਕਿ ਇਹ ਮਾਰਵਾੜੀ ਨਸਲ ਦਾ ਘੋੜਾ ਹੈ। ਉਨ੍ਹਾਂ ਇਸ ਘੋੜੇ ਨੂੰ ਪਸੰਦ ਕਰ ਲਿਆ ਤੇ ਉਸਦਾ ਸੌਦਾ 13 ਲੱਖ 80 ਹਜ਼ਾਰ ਰੁਪਏ ਵਿਚ ਕਰ ਲਿਆ। ਇਸ ਦੌਰਾਨ ਹੀ ਕਥਿਤ ਦੋਸੀਆਂ ਨੇ ਸਪੀਕਰ ਆਨ ਕਰਕੇ ਮੋਬਾਇਲ ਫ਼ੋਨ ਉਪਰ ਉਸਦੇ ਸਾਹਮਣੇ ਤਲਵੰਡੀ ਸਾਬੋ ਦੇ ਕਿਸੇ ਵਿਅਕਤੀ ਨਾਲ ਗੱਲ ਕੀਤੀ, ਜਿਸਨੂੰ ਇਹ ਸਰਦਾਰ ਦੱਸ ਰਹੇ ਸਨ। ਫ਼ੋਨ ਉਪਰ ਉਸਦੇ ਸਾਹਮਣੇ ਹੀ ਇਸ ਘੋੜੇ ਦਾ ਸੌਦਾ 28 ਲੱਖ ਰੁਪਏ ਵਿਚ ਕਰ ਲਿਆ ਤੇ ਉਸਨੂੰ ਇੰਨੇਂ ਪੈਸੇ ਵਾਧੇ ਦੇ ਲਾਲਚ ਵਿਚ ਫ਼ਸਾ ਲਿਆ। ਜਿਸਤੋਂ ਬਾਅਦ ਕਥਿਤ ਦੋਸੀਆਂ ਵਲੋਂ ਸਿਰਫ਼ 2 ਲੱਖ ਦੀ ਸਾਈ ਹੀ ਦਿੱਤੀ ਗਈ ਤੇ ਬਾਕੀ 6 ਲੱਖ ਰੁਪਏ ਨਗਦ ਅਤੇ 5 ਲੱਖ 80 ਹਜ਼ਾਰ ਦੇ ਚੈਕ ਦਿਵਾ ਦਿੱਤੇ। ਨੌਸਰਬਾਜ਼ਾਂ ਦੀ ਠੱਗੀ ਇੱਥੇ ਹੀ ਖ਼ਤਮ ਨਹੀਂ ਹੋਈ, ਬਲਕਿ ਉਸਨੂੰ ਭਰੋਸੇ ਵਿਚ ਲੈ ਕੇ ਘੋੜੇ ਨੂੰ ਛੋਟੇ ਹਾਥੀ ’ਤੇ ਲਦਾ ਕੇ ਅਬੋਹਰ ਭੇਜ ਦਿੱਤਾ। ਪ੍ਰੰਤੂ ਬਾਅਦ ਵਿਚ ਘੋੜੇ ਨੂੰ ਲੈਣ ਨਹੀਂ ਆਏ ਪਰ ਜਦ ਪਿੰਡ ਦੇ ਲੋਕ ਘੋੜਾ ਦੇਖਣ ਆਏ ਤਾਂ ਉਨ੍ਹਾਂ ਦਸਿਆ ਕਿ ਇਹ ਘੋੜਾ ਮਾਰਵਾੜੀ ਨਸਲ ਦਾ ਨਹੀਂ ਹੈ, ਬਲਕਿ ਇਹ ਤਾਂ ਖੱਚਰ ਦੀ ਕਿਸਮ ਦਾ ਹੈ, ਜਿਸਦੀ ਕੀਮਤ ਵੀ ਬਹੁਤ ਘੱਟ ਹੈ। ਇਸਤੋਂ ਬਾਅਦ ਮੁਦਈ ਨੇ ਕਥਿਤ ਦੋਸ਼ੀਆਂ ਨਾਲ ਸੰਪਰਕ ਕਰਕੇ ਅਪਣੇ ਪੈਸੇ ਵਾਪਸ ਕਰਨ ਲਈ ਕਿਹਾ ਪ੍ਰੰਤੂ ਉਨ੍ਹਾਂ ਫ਼ੋਨ ਹੀ ਬੰਦ ਕਰ ਲਏ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਪਰਚਾ ਦਰਜ਼ ਕਰਕੇ ਕਥਿਤ ਦੋਸੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੌਸਰਬਾਜਾਂ ਨੇ ਪ੍ਰਾਪਟੀ ਡੀਲਰ ਨੂੰ ਪਾਈ ‘ਟੋਪੀ’, ਮਾਰਵਾੜੀ ਘੋੜਾ ਦੱਸ ਕੇ ਖੱਚਰ ਵੇਚੀ
9 Views