ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ: ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੀ ਵਕਾਲਤ ਕਰਦੀ ਆ ਰਹੀ ਸਥਾਨਕ ਸ਼ਹਿਰ ਦੀ ਸਮਾਜ ਸੇਵਕਾ ਤੇ ਹੁਣ ਭਾਜਪਾ ਆਗੂ ਵੀਨੂੰ ਗੋਇਲ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਘੁੱਦਾ ਵਿਖੇ ਸਕੂਲ ਅੱਗੇ ਕਿਸਾਨਾਂ ਵਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਬਲਾਕ ਸੰਗਤ ਤੇ ਬਠਿੰਡਾ ਦੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਨੇ ਮਹਿਲਾ ਭਾਜਪਾ ਆਗੂ ਦੇ ਨਾਲ ਮੰਨੇ ਜਾਂਦੇ ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਅੱਗੇ ਕੇਂਦਰ ਤੇ ਭਾਜਪਾ ਵਿਰੁਧ ਨਾਅਰੇਬਾਜੀ ਵੀ ਕੀਤੀ। ਜਥੇਬੰਦੀ ਦੇ ਜਿਲ੍ਹਾ ਆਗੂ ਜਗਸੀਰ ਝੁੰਬਾ ਅਤੇ ਬਲਾਕ ਆਗੂ ਅਜੇਪਾਲ ਸਿੰਘ ਨੇ ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਕਤ ਮਹਿਲਾ ਆਗੂ ਨੇ ਪਹਿਲਾਂ ਪਿਛਲੇ ਦਿਨੀਂ ਬਠਿੰਡਾ ਦੇ ਗ੍ਰੀਨ ਪੈਲੇਸ ਦੇ ਵਿੱਚ ‘ਬਠਿੰਡਾ ਦੀ ਆਵਾਜ਼‘ ਪਰੋਗਰਾਮ ਦੇ ਨਾਮ ਹੇਠ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਭਾਜਪਾ ਵਿੱਚ ਸ਼ਾਮਲ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ। ਜਿਸਦਾ ਪਤਾ ਲੱਗਦੇ ਹੀ ਜੱਥੇਬੰਦੀ ਵਲੋਂ ਵਿਰੋਧ ਕਰਕੇ ਇਸਨੂੰ ਰੱਦ ਕਰਵਾਇਆ। ਕਿਸਾਨ ਆਗੂਆਂ ਨੇ ਉਕਤ ਮਹਿਲਾ ਆਗੂ ਵਿਰੁਧ ਕਿਸਾਨਾਂ ਪ੍ਰਤੀ ਨਫ਼ਰਤ ਭਰੀ ਸਬਦਾਵਲੀ ਵਰਤਣ ਦਾ ਦੋਸ਼ ਵੀ ਲਗਾਇਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾਂ ਸਮਾਂ ਕੇਂਦਰ ਦੀ ਮੋਦੀ ਸਰਕਾਰ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ, ਉਨਾਂ ਸਮਾਂ ਭਾਜਪਾ ਨਾਲ ਸਬੰਧਤ ਆਗੂਆਂ ਦਾ ਪੰਜਾਬ ਵਿਚ ਵਿਰੋਧ ਜਾਰੀ ਰਹੇਗਾ। ਇਸ ਮੌਕੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਤੇ ਸੰਗਤ ਬਲਾਕ ਦੇ ਆਗੂ ਰਾਮ ਸਿੰਘ ਕੋਟਗੁਰੂ ਨੇ ਵੀ ਸੰਬੋਧਨ ਕੀਤਾ।
Share the post "ਪੈਲੇਸ ਤੋਂ ਬਾਅਦ ਹੁਣ ਕਿਸਾਨਾਂ ਵਲੋਂ ਭਾਜਪਾ ਆਗੂ ਦੇ ਸਕੂਲ ਅੱਗੇ ਰੋਸ਼ ਪ੍ਰਦਰਸ਼ਨ"