ਦੋਨਾਂ ਭਰਾਵਾਂ ਦੇ ਪਿਆਰ ਨੂੰ ਦੇਖਦਿਆਂ ‘ਰਾਮ-ਲਛਮਣ’ ਦੀ ਜੋੜੀ ਨਾਲ ਸਨ ਮਸਹੂਰ
ਸੁਖਜਿੰਦਰ ਮਾਨ
ਬਠਿੰਡਾ, 11 ਮਈ : ਲੰਘੀ 25 ਅਪ੍ਰੈਲ ਨੂੰ 96 ਸਾਲਾਂ ਦੀ ਉਮਰ ’ਚ ਸਵਰਗਵਾਸ ਹੋਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਯਾਦ ’ਚ ਅੱਜ ਪ੍ਰਵਾਰ ਵਲੋਂ ਮਹਰੂਮ ਗੁਰਦਾਸ ਸਿੰਘ ਬਾਦਲ ’ਚ ਯਾਦ ਵਿਚ ਲਗਾਈ ਹੋਈ ਟਾਹਲੀ ਦੇ ਨਾਲ ਅੱਜ ਇੱਕ ਹੋਰ ‘ਟਾਹਲੀ’ ਦਾ ਬੂਟਾ ਲਗਾਇਆ ਗਿਆ। ਜਿਉਂਦੇ ਜੀਅ ਦੋਨਾਂ ਭਰਾਵਾਂ ਦੇ ਅਮੁੱਕ ਪਿਆਰ ਨੂੰ ਦੇਖਦਿਆਂ ਦੋਨਾਂ ਦੀ ਯਾਦ ’ਚ ਇਹ ਦਰੱਖਤ ਵੀ ਇਕੱਠੇ ਲਗਾਉਣ ਦਾ ਫੈਸਲਾ ਲਿਆ ਗਿਆ, ਜਿਸ ਤਹਿਤ ਦੂਜਾ ਟਾਹਲੀ ਦਾ ਬੂਟਾ ਵੀ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਵਿਚ ਲਗਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਪ੍ਰਵਾਰਕ ਮੈਂਬਰ ਵਿਸੇਸ ਤੌਰ ’ਤੇ ਪੁੱਜੇ, ਜਿੱਥੇ ਸੁਖਬੀਰ ਤੇ ਮਨਪ੍ਰੀਤ ਦੋਨਾਂ ਨੇ ਮਿਲਕੇ ਅਪਣੇ ਹੱਥੀ ਇਹ ਬੂਟਾ ਲਗਾਇਆ। ਇਸ ਸਬੰਧ ਵਿਚ ਅਪਣੇ ਸੋਸਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਭਾਵੁਕ ਅੰਦਾਜ ਵਿਚ ਲਿਖਿਆ ਹੈ ਕਿ ‘‘ ਮੇਰੇ ਪਿਤਾ ਸ. ਪਰਕਾਸ਼ ਸਿੰਘ ਬਾਦਲ ਅਤੇ ਚਾਚਾ ਜੀ ਸ. ਗੁਰਦਾਸ ਸਿੰਘ ਬਾਦਲ ਦਾ ਇੱਕ ਦੂਜੇ ਨਾਲ ਪਿਆਰ ਤਾ-ਉਮਰ ਬੇਮਿਸਾਲ ਰਿਹਾ। ‘ਪਾਸ਼-ਦਾਸ’ ਦੀ ਇਹ ਜੋੜੀ ਪਿੰਡ ਬਾਦਲ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ “ਰਾਮ-ਲਛਮਣ”ਦੇ ਨਾਮ ਨਾਲ ਮਸ਼ਹੂਰ ਸੀ। ’’ ਗੌਰਤਲਬ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਮਹਰੂਮ ਪਿਤਾ ਗੁਰਦਾਸ ਸਿੰਘ ਬਾਦਲ ਦਾ ਸੰਖੇਪ ਬੀਮਾਰੀ ਪਿੱਛੋ ਸਾਲ 2020 ’ਚ ਦਿਹਾਂਤ ਹੋ ਗਿਆ। ਜਿਸਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਕਾਫ਼ੀ ਸਮਾਂ ਉਦਾਸ ਰਹੇ ਸਨ ਅਤੇ ਅਕਸਰ ਉਹਨਾਂ ਦੀ ਗੱਲ ਕਰਦਿਆਂ ਭਾਵੁਕ ਹੋ ਜਾਂਦੇ ਸਨ। ਦਾਸ ਬਾਦਲ ਦੀ ਯਾਦ ’ਚ ਮਨਪ੍ਰੀਤ ਬਾਦਲ ਵਲੋਂ ਆਪਣੇ ਘਰ ਜਿੱਥੇ ਟਾਹਲੀ ਦਾ ਬੂਟਾ ਲਗਾਇਆ ਹੋਇਆ ਸੀ ਅੱਜ ਉਸੇ ਜਗ੍ਹਾਂ ਦੇ ਬਿਲਕੁਲ ਨਜਦੀਕ ਦੋਨਾਂ ਚਚੇਰੇ ਭਰਾਵਾਂ(ਸੁਖਬੀਰ ਤੇ ਮਨਪ੍ਰੀਤ) ਨੇ ਮਿਲ ਕੇ ਉਸ ਦੇ ਨਾਲ ਹੀ ਬਾਦਲ ਸਾਬ ਦੀ ਯਾਦ ’ਚ ਵੀ ਟਾਹਲੀ ਦਾ ਬੂਟਾ ਲਗਾਇਆ। ਸੁਖਬੀਰ ਬਾਦਲ ਨੇ ਕਿਹਾ ਕਿ ਜਿੱਥੇ ਇਹ ਦੋਵੇਂ ਬੂਟੇ ਪਾਸ ਅਤੇ ਦਾਸ ਜੀ ਦੇ ਮੋਹ-ਪਿਆਰ ਦੀ ਯਾਦ ਦਿਵਾਉਂਦੇ ਰਹਿਣਗੇ, ਉੱਥੇ ਹੀ ਇਸ ਜੋੜੀ ਵੱਲੋਂ ਪੂਰੇ ਬਾਦਲ ਪਰਿਵਾਰ ਨੂੰ ਦਿੱਤੀ ਸੰਘਣੀ ਛਾਂ ਨੂੰ ਵੀ ਹਮੇਸ਼ਾ ਚੇਤੇ ਕਰਵਾਉਂਦੇ ਰਹਿਣਗੇ।
Share the post "ਪ੍ਰਕਾਸ ਸਿੰਘ ਬਾਦਲ ਦੀ ਯਾਦ ’ਚ ਸੁਖਬੀਰ ਤੇ ਮਨਪ੍ਰੀਤ ਨੇ ਮਿਲਕੇ ਲਗਾਇਆ ਟਾਹਲੀ ਦਾ ਬੂਟਾ"