ਬਾਦਲ ਪਰਿਵਾਰ ਨਾਲ ਬਹੁਤ ਚਿਰ ਤੋਂ ਰਿਸ਼ਤਾ ਖਤਮ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਚੋਣ ਮੁਹਿੰਮ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਖ਼ਜਾਨੇ ਦਾ ਵਜੀਰ ਹੁੰਦਿਆਂ ਪੰਜ ਸਾਲ ਦੇ ਸਮੇਂ ਵਿੱਚ ਸੂਬੇ ਦੇ ਹਿੱਤਾਂ ਦੀ ਪੈਰਵਾਈ ਕਰਨ ਅਤੇ ਲੋਕ ਹਿੱਤਾਂ ਦੀ ਰਖਵਾਲੀ ਲਈ ਪੂਰੀ ਵਚਨਬੱਧਤਾ ਤਹਿਤ ਜਿੰਮੇਵਾਰੀ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪਹਿਲਾਂ ਅਕਾਲੀ ਦਲ ਸਮੇਂ ਜਿਹੜੇ ਹਾਲਾਤ ਖਜ਼ਾਨੇ ਦੇ ਸਨ ਉਸ ਖਜਾਨੇ ਵਿੱਚੋਂ ਕਿਸੇ ਲਈ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਸੀ ਜਿਸ ਨੂੰ ਉਨ੍ਹਾਂ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕਰਕੇ ਮਜਬੂਤ ਬਣਾਇਆ ਅਤੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ, ਵੱਡੀਆਂ ਰਾਹਤਾਂ ਦਿੱਤੀਆਂ, ਇਥੋਂ ਤੱਕ ਕਿ ਕਦੇ ਵੀ ਪੈਨਸ਼ਨਰਾਂ ਜਾਂ ਮੁਲਾਜ਼ਮਾਂ ਨੂੰ ਪੈਨਸ਼ਨ ਜਾਂ ਤਨਖ਼ਾਹ ਤੋਂ ਵਾਂਝੇ ਨਹੀਂ ਰਹਿਣ ਦਿੱਤਾ, ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਹੋਰਨਾਂ ਸੂਬਿਆਂ ਜਾਂ ਦੇਸ਼ਾਂ ਦੀਆਂ ਸਰਕਾਰਾਂ ਬੇਵੱਸ ਹੋ ਗਈਆਂ, ਉਨ੍ਹਾਂ ਮਾੜੇ ਹਾਲਾਤ ਵਿੱਚ ਵੀ ਪੰਜਾਬ ਸਰਕਾਰ ਨੇ ਅਪਣੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿਤੀ ਅਤੇ ਪੀਡਤ ਪਰਿਵਾਰਾਂ ਦੀ ਬਾਂਹ ਫੜੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਔਖਾ ਨਹੀਂ ਹੋਣ ਦਿੱਤਾ ਤੇ ਹਰ ਸਹੂਲਤ ਮੁਹੱਈਆ ਕਰਵਾਈ । ਉਨ੍ਹਾਂ ਕਿਹਾ ਕਿ ਸੂਬੇ ਨੂੰ ਆਰਥਿਕਤਾ ਪੱਖੋਂ ਮਜ਼ਬੂਤ ਕਰਕੇ ਵੱਡਿਆਂ ਪ੍ਰਾਜੈਕਟਾਂ ਨਾਲ ਵਿਕਾਸ ਦੀ ਰਾਹ ਤੇ ਤੋਰਨਾ ਵੱਡੀ ਪ੍ਰਾਪਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਹਿੱਤ ਵਿੱਚ ਲੰਬੀਆਂ ਲੜਾਈਆਂ ਲੜਕੇ ਹੋਂਦ ਵਿੱਚ ਆਈ ਹੈ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ, ਜਿਸ ਨੇ ਦੇਸ਼ ਨੂੰ ਬਹੁਤ ਵੱਡੇ ਫੈਸਲਿਆਂ ਨਾਲ ਸੁਰੱਖਿਅਤ ਰੱਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੇ ਪੰਜ ਸਾਲ ਦੇ ਸਮੇਂ ਵਿੱਚ ਕਰਵਾਏ ਵਿਕਾਸ ਦੇ ਨਾਂ ਤੇ ਦੂਸਰੀ ਵਾਰ ਸਰਕਾਰ ਬਣਾਏਗੀ ਤੇ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ। ਬਾਦਲ ਪਰਿਵਾਰ ਨਾਲ ਮਿਲੀਭੁਗਤ ਜਾਂ ਨੇੜਤਾ ਦੇ ਲੱਗ ਰਹੇ ਦੋਸ਼ਾਂ ਤੇ ਖੁੱਲ੍ਹ ਕੇ ਬੋਲਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਨਾਲ ਪਿਛਲੇ ਗਿਆਰਾਂ ਸਾਲ ਤੋਂ ਰਿਸ਼ਤਾ ਖਤਮ ਕੀਤਾ ਹੋਇਆ ਹੈ।
Share the post "ਪੰਜਾਬ ਦੇ ਖਜਾਨੇ ਨੂੰ ਮਜਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੀਤਾ ਕੰਮ: ਮਨਪ੍ਰੀਤ ਬਾਦਲ"