ਪਾਰਟੀ ’ਚ ਅਨੁਸਾਸਨ ਨਾਂ ਦੀ ਚੀਜ਼ ਹੋਈ ਖ਼ਤਮ, ਮਨਪ੍ਰੀਤ ਦੇ ਸਮਰਥਕ ਜ਼ਿਲ੍ਹਾ ਪ੍ਰਧਾਨਾਂ ਦੀ ਤਾਜ਼ਪੋਸ਼ੀ ਮੌਕੇ ਰਹੇ ਸਨ ਗਾਇਬ
ਸੁਖਜਿੰਦਰ ਮਾਨ
ਬਠਿੰਡਾ, 24 ਦਸੰਬਰ : ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਸੀ ਪਾਟੋ-ਧਾੜ ਕਾਰਨ 80 ਸੀਟਾਂ ਤੋਂ 18 ’ਤੇ ਪਹੁੰਚਣ ਵਾਲੀ ਕਾਂਗਰਸ ਪਾਰਟੀ ਦੇ ਆਗੂ ਹਾਲੇ ਵੀ ਸਬਕ ਸਿੱਖਦੇ ਨਜ਼ਰ ਨਹੀਂ ਆ ਰਹੇ ਹਨ। ਇਸਦਾ ਨਜ਼ਾਰਾ ਪਿਛਲੇ ਕੁੱਝ ਮਹੀਨਿਆਂ ਤੋਂ ਮਾਲਵਾ ਦੀ ਸਿਆਸੀ ਰਾਜਧਾਨੀ ਮੰਨੇ ਜਾਣ ਵਾਲੇ ਬਠਿੰਡਾ ਹਲਕੇ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਮਰਥਕ ਇੱਕ-ਦੂਜੇ ਵਿਰੁਧ ਸਬਦੀ ਬਾਣਾਂ ਨਾਲ ਹਮਲੇ ਕਰ ਰਹੇ ਹਨ। ਜਿੱਥੇ ਬਠਿੰਡਾ ’ਚ ਕਾਂਗਰਸ ਦੇ ਨਵਨਿਯੁਕਤ ਪ੍ਰਧਾਨਾਂ ਦੀ ਤਾਜ਼ਪੋਸ਼ੀ ਦੇ ਰੱਖੇ ਗਏ ਸਮਾਗਮ ਦੌਰਾਨ,(ਜਿਸਦਾ ਮਨਪ੍ਰੀਤ ਧੜੇ ਵਲਂੋ ਪੁੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ ਸੀ) ਵਿਚ ਅਪਣੇ ਭਾਸ਼ਣ ਦੌਰਾਨ ਰਾਜਾ ਵੜਿੰਗ ਨੇ ਅਸਿੱਧੇ ਢੰਗ ਨਾਲ ਇਸ ਧੜੇ ਨੂੰ ਨਸੀਹਤ ਦਿੱਤੀ ਸੀ, ਉਥੇ ਇਸਦੇ ਇਕ ਦਿਨ ਬਾਅਦ ਮੁੜ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਵਲਂੋ ਫ਼ੇਸਬੁੱਕ ’ਤੇ ਇੱਕ ਪੋਸਟ ਪਾ ਕੇ ਨਾ ਸਿਰਫ਼ ਵੜਿੰਗ ਵਲੋਂ ਚੁੱਕੇ ਮੁੱਦਿਆਂ ‘ਤੇ ਉਂਗਲ ਖੜੀ ਕੀਤੀ ਹੈ, ਬਲਕਿ ਉਨ੍ਹਾਂ ਦੇ ਨਜਦੀਕੀ ਮੰਨੇ ਜਾਂਦੇ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਗੁਰਪ੍ਰੀਤ ਸਿੰਘ ਵਿੱਕੀ, ਜੋਕਿ ਹੁਣ ਭਾਰਤ ਜੋੜੋ ਯਾਤਰਾ ਲਈ ਬਠਿੰਡਾ ਸ਼ਹਿਰੀ ਹਲਕੇ ਦੇ ਕੁਆਰਡੀਨੇਟਰ ਲਗਾਏ ਹਨ, ਦੀ ਪਿਛਲੇ ਸਮੇਂ ਦੀ ਸਿਆਸੀ ਭੂਮਿਕਾ ਉਪਰ ਮੁੜ ਸਵਾਲ ਚੁੱਕ ਦਿੱਤੇ ਸਨ। ਜਿਸਤੋਂ ਬਾਅਦ ਅੱਜ ਜੈਲਦਾਰ ਵਿੱਕੀ ਵਲੋਂ ਵੀ ਅਪਣੀ ਫ਼ੇਸਬੁੱਕ ’ਤੇ ਇੱਕ ਪੋਸਟ ਪਾ ਕੇ ਇਸਦਾ ਕਰਾਰਾ ਜਵਾਬ ਦਿੱਤਾ ਗਿਆ ਹੈ। ਜਿਸ ਵਿਚ ਉਨ੍ਹਾਂ ਜੈਜੀਤ ਸਿੰਘ ਜੌਹਲ ਨੂੰ ਮੁਖਾਤਬ ਹੁੰਦਿਆਂ ਕਿਹਾ ਹੈ ਕਿ ‘‘ਸਾਬ ਤੁਸੀਂ ਫਿਰ ਮੇਰੇ ’ਤੇ ਬੇਤੁਕੇ ਇਲਜ਼ਾਮ ਲਗਾਏ ਹਨ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗਾਗੋਵਾਲ ਦਾ ਵਿਰੋਧ ਤੇ ਸਿੱਧੂ ਮੂਸੇਵਾਲਾ ਦੀ ਚੋਣਾਂ ਵਿਚ ਮੁਖਾਫ਼ਲਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪ੍ਰੰਤੂ ਇਹ ਸਿਰਫ਼ ਤੁਹਾਡੀ ਬੁਖਲਾਹਟ ਹੈ। ’’ ਉਨ੍ਹਾਂ ਕਿਹਾ ਕਿ ਮਾਈਕਲ ਗਾਗੋਵਾਲ ਨਾਲ ਉਸਦਾ ਕੋਈ ਵਿਰੋਧ ਨਹੀਂ ਹੈ। ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿੱਚ ਸਮੂਲੀਅਤ ਤੋਂ ਹੀ ਉਸਦੇ ਨਾਲ ਖੜਾ ਹੋਇਆ ਸੀ ਜਦ ਇਹ ਤੈਅ ਹੋ ਚੁੱਕਿਆ ਸੀ ਕਿ ਉਸਨੂੰ ਮਾਨਸਾ ਹਲਕੇ ਤੋਂ ਟਿਕਟ ਮਿਲਣ ਜਾ ਰਹੀ ਹੈ, ਜਿੱਥੋਂ ਮੇਰੇ ਵਲੋਂ ਵੀ ਟਿਕਟ ਦੀ ਮੰਗ ਕੀਤੀ ਗਈ ਸੀ, ਇਸਦੇ ਬਾਵਜੂਦ ਉਸਦੀ ਮੱਦਦ ਕੀਤੀ ਗਈ। ਜੌਹਲ ’ਤੇ ਸਿਆਸੀ ਚੁਟਕੀ ਲੈਂਦਿਆਂ ਜੈਲਦਾਰ ਵਿੱਕੀ ਨੇ ਅੱਗੇ ਕਿਹਾ ਕਿ ‘‘ ਕਿਸੇ ਦੇ ਹਾਰਨ ਤੋਂ ਬਾਅਦ ਮੇਰੇ ’ਤੇ ਹਾਰ ਦਾ ਠੀਕਰਾ ਭੰਨਣਾ ਸਹੀ ਨਹੀਂ ਕਿਉਂਕਿ ਜਦੋਂ ਮੈਂ ਟਿਕਟ ਮੰਗਦਾ ਹਾਂ ਤਾਂ ਕਹਿੰਦੇ ਹੋ ਕਿ ਵਿੱਕੀ ਜਿੱਤ ਨਹੀ ਸਕਦਾ ਜਦੋਂ ਹਾਰ ਜਾਂਦੇ ਨੇ ਕਹਿ ਦਿੰਦੇ ਨੇ ਕਿ ਵਿੱਕੀ ਨੇ ਹਰਾ ਦਿੱਤਾ। ’’ ਗੌਰਤਲਬ ਹੈ ਕਿ ਜੈਜੀਤ ਜੌਹਲ ਨੇ ਅਪਣੀ ਪੋਸਟ ਵਿਚ ਸਿੱਧੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਉਸ ਉਪਰ ਮਨਪ੍ਰੀਤ ਬਾਦਲ ਨੂੰ ਹਰਾਉਣ ਦੀਆਂ ਅਪੀਲਾਂ ਕਰਨ ਦੇ ਦੋਸ਼ ਲਗਾਏ ਸਨ। ਇਸਤੋਂ ਇਲਾਵਾ ਉਨ੍ਹਾਂ ਵਲੋਂ ਬਠਿੰਡਾ ’ਚ ਲਗਾਏ ਪ੍ਰਧਾਨਾਂ ’ਤੇ ਵੀ ਉਂਗਲ ਚੁੱਕਦਿਆਂ ਮੌਜੂਦਾ ਪ੍ਰਧਾਨ ਦੇ ਪਿਤਾ ਉਪਰ ਵੋਟਾਂ ਵਾਲੇ ਦਿਨਾਂ ਆਪ ਦੇ ਪੋÇਲੰਗ ਬੂਥ ’ਤੇ ਬੈਠਣ ਦੇ ਗੰਭੀਰ ਦੋਸ਼ ਲਗਾਏ ਗਏ। ਜੌਹਲ ਨੇ ਇੱਥੇ ਨਾ ਰੁਕਦਿਆਂ ਵੜਿੰਗ ਉਪਰ ਹੀ ਅਨੁਸਾਸ਼ਨਹੀਣਤਾ ਦੀ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ ਸੀ। ਉਨ੍ਹਾਂ ਵਿੱਕੀ ਮਾਨਸਾ ਉਪਰ ਵੀ ਕਾਂਗਰਸ ਦੇ ਝੰਡੇ ਨੂੰ ਅੱਗ ਲਗਾਉਣ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੂੰ ਹਰਾਉਣ ਦਾ ਦਾਅਵਾ ਕੀਤਾ ਸੀ। ਗੌਰਤਲਬ ਹੈ ਕਿ ਦੋਨਾਂ ਧੜਿਆਂ ਵਿਚਕਾਰ ਚੱਲ ਰਹੀ ਬਿਆਨਬਾਜ਼ੀ ਕਾਰਨ ਇੰਨ੍ਹੀਂ ਵੱਡੀ ਦਰਾਰ ਪੈ ਚੁੱਕੀ ਹੈ ਕਿ ਜੇਕਰ ਹੁਣੇ ਹੀ ਕੋਈ ਸਖ਼ਤ ਕਦਮ ਨਾ ਚੁੱਕੇ ਇਸਦਾ ਖਮਿਆਜ਼ਾ ਪਾਰਟੀ ਨੂੰ ਲੰਮੇ ਸਮੇਂ ਤੱਕ ਭੁਗਤਣਾ ਪੈ ਸਕਦਾ ਹੈ। ਮਨਪ੍ਰੀਤ ਧੜੇ ਦੀ ਕਮਾਂਡ ਸਾਬਕਾ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਵਲੋਂ ਸੰਭਾਲੀ ਜਾ ਰਹੀ ਹੈ ਅਤੇ ਇਸ ਧੜੇ ਨਾਲ ਮੇਅਰ ਤੇ ਡਿਪਟੀ ਮੇਅਰ ਸਹਿਤ ਡੇਢ ਦਰਜ਼ਨ ਦੇ ਕਰੀਬ ਕੋਂਸਲਰ ਅਤੇ ਕਈ ਆਗੂ ਡਟਕੇ ਖੜ੍ਹੇ ਹਨ ਪ੍ਰੰਤੂ ਦੂਜੇ ਪਾਸੇ ਜਿਆਦਾਤਰ ਸ਼ਹਿਰ ਦੇ ਟਕਸਾਲੀ ਕਾਂਗਰਸੀ ਇਕਜੁਟ ਹੁੰਦੇ ਜਾ ਰਹੇ ਹਨ। ਦਸਣਾ ਬਣਦਾ ਹੈ ਕਿ ਬੇਸ਼ੱਕ ਕਾਂਗਰਸ ਸਰਕਾਰ ਦੌਰਾਨ ਵੀ ਮਨਪ੍ਰੀਤ ਤੇ ਵੜਿੰਗ ਖੇਮਾ ਇੱਕ ਦੂਜੇ ਵਿਰੁਧ ਸਿਆਸੀ ਬਿਆਨਬਾਜ਼ੀ ਜਾਰੀ ਕਰਦੇ ਰਹੇ ਹਨ, ਪ੍ਰੰਤੂ ਹੁਣ ਇਹ ਵਿਵਾਦ ਪਿਛਲੇ ਦਿਨੀਂ ਰਾਜਾ ਵੜਿੰਗ ਵਲੋਂ ਬਲਾਕ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਤੋਂ ਬਾਅਦ ਹੋਰ ਵਧਿਆ ਹੈ। ਮਨਪ੍ਰੀਤ ਖੇਮੇ ਵਲੋਂ ਸਾਬਕਾ ਚੇਅਰਮੈਨ ਮੋਹਨ ਲਾਲ ਝੂੰਬਾ ਨੂੰ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ(ਜਿਸਨੂੰ ਕਾਂਗਰਸ ਸਰਕਾਰ ਦੇ ਦੌਰਾਨ ਵਿਤ ਮੰਤਰੀ ਵਿਰੁਧ ਚੰਡੀਗੜ੍ਹ ’ਚ ਬੋਲਣ ਦੇ ਚੱਲਦੇ ਸਿਆਸੀ ਤੌਰ ’ਤੇ ਭਾਰੀ ਜਲਾਲਤ ਦਾ ਸਾਹਮਣਾ ਕਰਨਾ ਪਿਆ ਸੀ)। ਇਸੇ ਤਰ੍ਹਾਂ ਪੁਰਾਣੇ ਬਲਾਕ ਪ੍ਰਧਾਨਾਂ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ। ਹਾਲਾਂਕਿ ਦੋਨਾਂ ਵਿਚੋਂ ਇੱਕ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਦੁਬਾਰਾ ਪ੍ਰਧਾਨ ਬਣਨ ਵਿਚ ਸਫ਼ਲ ਰਹੇ ਤੇ ਦੂਜੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਵੀ ਤਰੱਕੀ ਪਾ ਕੇ ਜਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਬਣ ਗਏ। ਇਸਤੋਂ ਬਾਅਦ ਉਸ ਸਮੇਂ ਦੋਨਾਂ ਧੜਿਆ ਹੋਰ ਬਖੇੜਾ ਖੜ੍ਹਾ ਹੋ ਗਿਆ ਜਦ ਮਨਪ੍ਰੀਤ ਬਾਦਲ ਵਲੋਂ ਹੀ ਸਰਕਾਰ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣਾਏ ਗਏ ਰਾਜਨ ਗਰਗ ਨੂੰ ਰਾਜਾ ਵੜਿੰਗ ਨੇ ਅਪਣੇ ਖੇਮੇ ਵਿਚ ਲਿਆ ਕੇ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਤਾਂ ਉਸ ਸਮੇਂ ਵੀ ਜੈਜੀਤ ਜੌਹਲ ਨੇ ਸੋਸਲ ਮੀਡੀਆ ਅਤੇ ਚੈਨਲਾਂ ਰਾਹੀ ਨਾ ਸਿਰਫ਼ ਰਾਜਨ ਗਰਗ, ਬਲਕਿ ਰਾਜਾ ਵੜਿੰਗ ਨੂੰ ਵੀ ਪ੍ਰਧਾਨ ਮੰਨਣ ਤੋਂ ਇੰਨਕਾਰ ਕਰ ਦਿੱਤਾ, ਜਿਸਤੋਂ ਬਾਅਦ ਨਵੇਂ ਪ੍ਰਧਾਨ ਰਾਜਨ ਗਰਗ ਵਲੋਂ ਵੀ ਮੋੜਵਾ ਜਵਾਬ ਦਿੱਤਾ ਗਿਆ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਦੇ ਕਾਰਜ਼ਕਾਲ ਦੌਰਾਨ ‘ਜੋ-ਜੋ’ ਦੇ ਨਾਂ ਦੀ ਬਠਿੰਡਾ ਪੱਟੀ ਵਿਚ ਤੂਤੀ ਬੋਲਦੀ ਰਹੀ ਹੈ ਪ੍ਰੰਤੂ ਚੋਣਾਂ ਵਿਚ ਮਨਪ੍ਰੀਤ ਬਾਦਲ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸਦੇ ਲਈ ਸ਼ਹਿਰ ਦੇ ਕਈ ਟਕਸਾਲੀ ਕਾਂਗਰਸੀਆਂ ਨੇ ਖੁੱਲੇ ਤੌਰ ’ਤੇ ਜੋ-ਜੋ ਨੂੰ ਹੀ ਜਿੰਮੇਵਾਰ ਠਹਿਰਾਇਆ ਸੀ।
Share the post "ਬਠਿੰਡਾ ’ਚ ਕਾਂਗਰਸ ਦਾ ਕਾਟੋ-ਕਲੈਸ਼ ਵਧਿਆ, ਮਨਪ੍ਰੀਤ ਤੇ ਰਾਜਾ ਵੜਿੰਗ ਦੇ ਸਮਰਥਕ ਆਹਮੋ-ਸਾਹਮਣੇ"