12 Views
ਸੁਖਜਿੰਦਰ ਮਾਨ
ਬਠਿੰਡਾ, 29 ਅਗਸਤ: ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ’ਚ ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ 2 ਦੀ ਸ਼ੁਰੂਆਤ ਹੋਈ। ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇੰਨਾਂ ਖੇਡਾਂ ਦਾ ਰਸਮੀ ਤੌਰ ਤੇ ਆਗਾਜ਼ ਕੀਤਾ ਗਿਆ।ਖੇਡਾਂ ਦੇ ਰਸਮੀ ਉਦਘਾਟਨ ਦੇ ਐਲਾਨ ਨਾਲ ਹੀ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਰੰਗ ਬਿਰੰਗੀਆਂ ਆਤਿਸ਼ਬਾਜੀਆਂ ਨਾਲ ਚਮਕ ਉੱਠਿਆ।ਇਸ ਮੌਕੇ ਨਾਮੀ ਕਲਾਕਾਰਾਂ ਵੱਲੋਂ ਆਪਣੀ ਗਾਇਕੀ ਦੇ ਜੌਹਰ ਦਿਖਾਏ ਗਏ। ਇਸਤੋਂ ਇਲਾਵਾ ਖਿਡਾਰੀਆਂ ਵਲੋਂ ਵੀ ਪੀਟੀ ਸੋਅ ਤੇ ਹੋਰ ਵੰਨਗੀਆਂ ਰਾਹੀਂ ਆਪਣੀ ਕਲਾ ਦਾ ਜੌਹਰ ਦਿਖਾਇਆ ਗਿਆ। ਇਸ ਦੌਰਾਨ ਪੰਜਾਬ ਨਾਲ ਸਬੰਧਤ ਨਾਮੀਂ ਖਿਡਾਰੀ ਵੀ ਪੁੱਜੇ ਹੋਏ ਸਨ।
ਖੇਡਾਂ ਦੀ ਸ਼ੁਰੁਆਤ ਤੋਂ ਪਹਿਲਾਂ ਮਸ਼ਾਲ ਬਠਿੰਡਾ ਪੁੱਜੀ, ਜਿਸਨੂੰ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਰਿਸੀਵ ਕੀਤਾ ਗਿਆ। ਦਸਣਾ ਬਣਦਾ ਹੈ ਕਿ ਇਹ ਖੇਡਾਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਵਾਲੇ ਦਿਨ ਹੋਈ, ਜਿਸਦੇ ਚੱਲਦੇ ਇਸ ਦਿਨ ਨੂੰ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਖੇਡਾਂ ਵਤਨ ਪੰਜਾਬ ਦੀਆਂ’ ਵਿਚ 35 ਖੇਡਾਂ ਨੂੰ ਮੁਕਾਬਲਿਆਂ ਵਿਚ ਸ਼ਾਮਿਲ ਕੀਤਾ ਗਿਆ ਹੈ।
ਖੇਡਾਂ ਦੀ ਸ਼ੁਰੁਆਤ ਵਿਚ ਸਭਤੋਂ ਪਹਿਲਾਂ ਕੋਟਗੁਰੂ ਤੇ ਗੁੰਮਟੀ ਕਲਾਂ ਟੀਮਾਂ ਵਿਚਕਾਰ ਰੱਸਾਕਸ਼ੀ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2017 ਤੋਂ 2022 ਤੱਕ ਜੇਤੂ ਰਹੇ 1807 ਖਿਡਾਰੀਆਂ ਨੂੰ 5.94 ਕਰੋੜ ਰੁਪਏ ਦੀ ਰਾਸ਼ੀ ਵੀ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਗਈ।
ਇਸ ਮੌਕੇ ਖੇਡ ਮੰਤਰੀ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜਨ ’ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਪੂਰਾ ਉਤਸ਼ਾਹ ਦਿਖਾਇਆ ਸੀ ਅਤੇ ਇਸ ਸੀਜਨ ਲਈ ਵੀ ਖਿਡਾਰੀਆਂ ਵਿੱਚ ਪੂਰਾ ਜੋਸ਼ ਤੇ ਉਤਸ਼ਾਹ ਹੈ।ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਸੁਪਨਾ ਸੀ ਕਿ ਨੌਜਵਾਨਾਂ ਨੂੰ ਖੇਡ ਮੈਦਾਨਾਂ ’ਚ ਲੈ ਕੇ ਆਉਣਾ ਹੈ ਜਿਸ ਲਈ ਖੇਡ ਨੀਤੀ ’ਚ ਸੋਧ ਕਰਕੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਹੈ।
ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਬਠਿੰਡਾ ਜ਼ਿਲ੍ਹੇ ਦੀ ਜੰਮਪਲ ਕੌਮਾਂਤਰੀ ਤੀਰਅੰਦਾਜ਼ ਅਵਨੀਤ ਕੌਰ ਅਤੇ ਹਾਕੀ ਓਲੰਪੀਅਨ ਰੁਪਿੰਦਰਪਾਲ ਸਿੰਘ ਵੱਲੋਂ ਚੁਕਾਈ ਗਈ। ਖੇਡਾਂ ਵਤਨ ਪੰਜਾਬ ਦੀਆਂ ਨਾਲ ਸਬੰਧਿਤ ਮਸ਼ਾਲ ਮਾਰਚ ਵੀ ਕੀਤਾ ਗਿਆ, ਜਿਸ ’ਚ ਬਾਸਕਿਟਬਾਲ ਖਿਡਾਰੀ ਅਵੈਜੋਤ ਸਿੰਘ ਤੇ ਬਾਕਸਿੰਗ ਚੈਂਪੀਅਨ ਹਰਪ੍ਰੀਤ ਸਿੰਘ, ਕੌਮਾਂਤਰੀ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ, ਸ਼ਾਟ ਪੁੱਟ ਵਾਲੇ ਤੇਜਿੰਦਰਪਾਲ ਸਿੰਘ ਤੂਰ ਆਦਿ ਖਿਡਾਰੀਆਂ ਨੇ ਹਿੱਸਾ ਲਿਆ।
Share the post "ਬਠਿੰਡਾ ‘ਚ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜਨ-2 ਸ਼ੁਰੂ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਰਸਮੀ ਉਦਘਾਟਨ"