ਪੁੱਡਾ ਨੇ ਕੰਮ ਰੁਕਵਾਇਆ
ਪੁੱਡਾ ਤੇ ਨਿਗਮ ਅਧਿਕਾਰੀਆਂ ਦੇ ਹਾਲੇ ਵੀ ਸਿਆਸੀ ਦਬਾਅ ਹੇਠ ਹੋਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ : ਪਿਛਲੇ ਕੁੱਝ ਸਮੇਂ ਤੋਂ ਨਗਰ ਨਿਗਮ ਦੀ ਢਿੱਲੀ ਕਾਰਵਾਈ ਕਾਰਨ ਨਜਾਇਜ਼ ਇਮਾਰਤਾਂ ਦੀ ਉਸਾਰੀਆਂ ਨੂੰ ਲੈ ਕੇ ਚਰਚਾ ਵਿਚ ਚੱਲੇ ਆ ਰਹੇ ਬਠਿੰਡਾ ਸ਼ਹਿਰ ’ਚ ਹੁਣ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਕਥਿਤ ਸਰਕਾਰੀ ਜਗ੍ਹਾਂ ’ਚ ਰਾਤੋ-ਰਾਤ ਨਜਾਇਜ਼ ਗਲੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਤਾ ਲੱਗਦੇ ਹੀ ਪੁੱਡਾ ਅਧਿਕਾਰੀਆਂ ਨੇ ਗਲੀ ਦਾ ਕੰਮ ਰੁਕਵਾ ਦਿੱਤਾ ਪ੍ਰੰਤੂ ਚੱਲ ਰਹੀ ਚਰਚਾ ਮੁਤਾਬਕ ਹਾਲੇ ਵੀ ਨਿਗਮ ਤੇ ਪੁੱਡਾ ਦੇ ਅਧਿਕਾਰੀ ਸਿਆਸੀ ਸਾਏ ਹੇਠ ਕੰਮ ਕਰ ਰਹੇ ਹਨ। ਇਹੀਂ ਨਹੀਂ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਕਤ ਗਲੀ ਨੂੰ ਪੱਕਾ ਕਰਨ ਲਈ ਲਗਾਈਆਂ ਇੰਟਰਲੋਕ ਟਾਈਲਾਂ ਵੀ ਨਿਗਮ ਵਲੋਂ ਸ਼ਹਿਰ ਵਿਚੋਂ ਥਾਂ-ਥਾਂ ਪੁੱਟੀਆਂ ਹੋਈਆਂ ਟਾਈਲਾਂ ਵਿਚੋਂ ਚੋਰੀ ਕੀਤੀਆਂ ਹੋਈਆਂ ਹਨ। ਬੇਸ਼ੱਕ ਅਧਿਕਾਰੀ ਹਾਲੇ ਵੀ ਉਕਤ ਜਗ੍ਹਾਂ ਵਿਚ ਗੈਰ-ਕਾਨੂੰਨੀ ਤੌਰ ’ਤੇ ਗਲੀ ਬਣਨ ਤੇ ਇੱਥੇ ਲੱਗੀਆਂ ਟਾਈਲਾਂ ਬਾਰੇ ਕੁੱਝ ਦਸਣ ਤੋਂ ਅਸਮਰੱਥਾ ਦਿਖ਼ਾ ਰਹੇ ਹਨ ਪ੍ਰੰਤੂ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸਦੇ ਪਿੱਛੇ ਸੱਤਾਧਾਰੀ ਧਿਰ ਦੇ ਇੱਕ ਚਰਚਿਤ ਆਗੂ ਦਾ ਹੱਥ ਹੈ। ਉਧਰ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਚੁੱਕਦਿਆਂ ਚੋਣ ਕਮਿਸ਼ਨ ਕੋਲ ਸਿਕਾਇਤ ਕਰਨ ਦਾ ਐਲਾਨ ਕੀਤਾ ਹੈ। ਜਦੋਂਕਿ ਪੁੱਡਾ ਤੇ ਨਿਗਮ ਅਧਿਕਾਰੀਆਂ ਨੇ ਮਾਮਲੇ ਦੀ ਉਚ ਪੱਧਰੀ ਜਾਂਚ ਦਾ ਭਰੋਸਾ ਦਿੱਤਾ ਹੈ। ਸੂਚਨਾ ਮੁਤਾਬਕ ਸ਼ਹਿਰ ਦੇ ਪਾਵਰ ਹਾਊਸ ਰੋਡ ਤੋਂ ਫ਼ੇਜ਼-3 ਨੂੰ ਮੁੜਣ ਸਮੇਂ ਇੱਕ ਵੱਡਾ ਪਲਾਟ ਹੈ, ਜਿਸਦੇ ਨਾਲ ਪਿਛਲੇ ਸਮੇਂ ਦੌਰਾਨ ਚਰਚਾ ਵਿਚ ਰਹੇ ਸ਼ੋਅਰੂਮ ਵੀ ਬਣੇ ਹੋਏ ਹਨ। ਇੰਨ੍ਹਾਂ ਸੋਅਰੂਮਾਂ ਦੇ ਨਾਲ ਉਕਤ ਖ਼ਾਲੀ ਪਲਾਟ, ਜਿਹੜਾ ਸਰਕਾਰੀ ਦਸਿਆ ਜਾ ਰਿਹਾ ਹੈ, ਵਿਚ ਕੁੱਝ ਦਿਨ ਪਹਿਲਾਂ ਗਲੀ ਦੀ ਜਗ੍ਹਾਂ ਵਿਚ ਮਿੱਟੀ ਪਾਈ ਗਈ ਸੀ। ਹੁਣ ਕੁੱਝ ਦਿਨ ਤੋਂ ਬਾਅਦ ਬੀਤੇ ਕੱਲ ਤੋਂ ਇੱਥੇ ਇੰਟਰਲਾਕ ਟਾਈਲਾਂ ਲਗਾ ਦਿੱਤੀਆਂ ਗਈਆਂ। ਉਧਰ ਇਸ ਇਲਾਕੇ ਦੇ ਕਾਂਗਰਸੀ ਕਂੋਸਲਰ ਰਾਜੂ ਸਰਾਂ ਨੇ ਦਾਅਵਾ ਕੀਤਾ ਕਿ ‘‘ ਇਸ ਗਲੀ ਬਣਾਉਣ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਪ੍ਰੰਤੂ ਇੰਨਾਂ ਕੁ ਪਤਾ ਹੈ ਕਿ ਇੱਥੇ ਪਲਾਟਾਂ ਵਾਲਿਆਂ ਨੂੰ ਇਹ ਗਲੀ ਲੱਗੀ ਹੋਈ ਹੈ। ’’
ਚੋਣ ਜਾਬਤੇ ਦੌਰਾਨ ਵੀ ਅਧਿਕਾਰੀ ਸਿਆਸੀ ਦਬਾਅ ਹੇਠ: ਸਿੰਗਲਾ
ਬਠਿੰਡਾ: ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ‘‘ ਉਹ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਿਚ ਦਿਨ-ਦਿਹਾੜੇ ਪਲਾਟਾਂ ’ਤੇ ਕਬਜ਼ੇ ਹੋਣ ਅਤੇ ਨਜਾਇਜ਼ ਇਮਾਰਤਾਂ ਦੀ ਉਸਾਰੀ ਦਾ ਰੌਲਾ ਪਾ ਰਹੇ ਹਨ ਪ੍ਰੰਤੂ ਹੁਣ ਤਾਂ ਸਰਕਾਰੀ ਜਗ੍ਹਾਂ ’ਤੇ ਵੀ ਸ਼ਰੇਆਮ ਕਬਜ਼ੇ ਹੌਣ ਲੱਗੇ ਹਨ। ਉਨ੍ਹਾਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਇਸਦੇ ਪਿੱਛੇ ਜਿੰਮੇਵਾਰ ਸਰਕਾਰੀ ਅਧਿਕਾਰੀਆਂ ਤੇ ਸਿਆਸੀ ਆਗੂਆਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਗਲੀ ਦਾ ਕੰਮ ਰੁਕਵਾਇਆ, ਜਿੰਮੇਵਾਰਾਂ ਵਿਰੁਧ ਹੋਵੇਗੀ ਕਾਰਵਾਈ: ਪੁੱਡਾ ਚੀਫ਼
ਬਠਿੰਡਾ: ਉਧਰ ਪੁੱਡਾ ਦੇ ਮੁੱਖ ਅਧਿਕਾਰੀ ਆਰ.ਪੀ. ਸਿੰਘ ਨੇ ਦਸਿਆ ਕਿ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਉਨ੍ਹਾਂ ਗਲੀ ਦਾ ਕੰਮ ਬੰਦ ਕਰਵਾ ਦਿੱਤਾ ਹੈ ਤੇ ਜਲਦੀ ਹੀ ਇਸਨੂੰ ਜੇਸੀਬੀ ਦੀ ਮਦਦ ਨਾਲ ਖ਼ਾਲੀ ਕਰ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸਦੀ ਜਾਂਚ ਕਰਕੇ ਜਿੰਮੇਵਾਰ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਿਗਮ ਕਰੇਗਾ ਜਾਂਚ: ਐਸ.ਈ
ਬਠਿੰਡਾ: ਦੂਜੇ ਪਾਸੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਦਵਿੰਦਰ ਜੋੜਾ ਨੇ ਸੰਪਰਕ ਕਰਨ ‘ਤੇ ਦਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਕਿ ਇਸ ਗਲੀ ਵਿਚ ਲੱਗੀਆਂ ਟਾਈਲਾਂ ਨਗਰ ਨਿਗਮ ਦੀਆਂ ਤਾਂ ਨਹੀਂ ਤੇ ਜੇਕਰ ਕੋਈ ਨਿਗਮ ਅਧਿਕਾਰੀ ਜਾਂ ਕਰਮਚਾਰੀ ਜਿੰਮੇਵਾਰ ਪਾਇਆ ਗਿਆ ਤਾਂ ਉਸਦੇ ਵਿਰੁਧ ਵੀ ਕਾਰਵਾਈ ਹੋਵੇਗੀ।
Share the post "ਬਠਿੰਡਾ ’ਚ ਚੋਣ ਜਾਬਤੇ ਦੌਰਾਨ ਰਾਤੋ-ਰਾਤ ਸਰਕਾਰੀ ਜਗ੍ਹਾਂ ’ਤੇ ਨਜਾਇਜ਼ ਗਲੀ ਬਣੀ!"