ਕਈ ਉਮੀਦਵਾਰਾਂ ਨੇ ਸਵੇਰੇ-ਸਵੇਰੇ ਵੋਟ ਭੁਗਤਾਈ
ਸੁਖਜਿੰਦਰ ਮਾਨ
ਬਠਿੰਡਾ, 20 ਫਰਵਰੀ: ਅਪਣੇ ਹੱਕ ’ਚ ਇੱਕ-ਇੱਕ ਵੋਟ ਲਈ ਵੋਟਰਾਂ ਨੂੰ ਅਪੀਲ ਕਰਨ ਵਾਲੇ ਜ਼ਿਲ੍ਹੇ ਦੇ ਜਿਆਦਾ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕੇ। ਇਸਦਾ ਮੁੱਖ ਕਾਰਨ ਜਿਆਦਾਤਰ ਪ੍ਰਮੁੱਖ ਪਾਰਟੀਆਂ ਦੇ ਵਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਹਲਕੇ ਤੋਂ ਬਾਹਰੀ ਹੋਣਾ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਵੋਟ ਲੰਬੀ ਹਲਕੇ ’ਚ ਅਪਣੇ ਜੱਦੀ ਪਿੰਡ ਬਾਦਲ ਵਿਖੇ ਪਾਈ। ਅਪਣੇ ਹਲਕੇ ’ਚ ਆਉਣ ਤੋਂ ਪਹਿਲਾਂ ਉਨ੍ਹਾਂ ਕਰੀਬ ਸਵਾ ਅੱਠ ਵਜੇਂ ਹੀ ਅਪਣੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਜਦੋਂਕਿ ਉਨ੍ਹਾਂ ਦੇ ਵਿਰੋਧੀਆਂ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਤੇ ਆਪ ਦੇ ਜਗਰੂਪ ਗਿੱਲ ਨੇ ਅਪਣੇ ਹੱਕ ’ਚ ਅਪਣੀਆਂ ਵੋਟਾਂ ਪਾਈਆਂ। ਇਸੇ ਤਰ੍ਹਾਂ ਹਲਕੇ ਮੋੜ ਵਿਚ ਜਿੱਥੇ ਪੰਜ ਕੌਣਾ ਮੁਕਾਬਲਾ ਹੈ, ਪ੍ਰੰਤੂ ਤਿੰਨ ਉਮੀਦਵਾਰ ਅਪਣੀ ਵੋਟ ਅਪਣੇ ਹੱਕ ਵਿਚ ਨਹੀਂ ਪਾ ਸਕੇ। ਇੰਨ੍ਹਾਂ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਮੰਜੂ ਬਾਂਸਲ, ਭਾਜਪਾ ਉਮੀਦਵਾਰ ਦਿਆਲ ਸੋਢੀ ਤੇ ਸਮਾਜ ਮੋਰਚੇ ਵਲੋਂ ਲੱਖਾ ਸਿਧਾਣਾ ਦਾ ਨਾਮ ਸ਼ਾਮਲ ਹੈ। ਮੰਜੂ ਬਾਂਸਲ ਦੀ ਵੋਟ ਮਾਨਸਾ ਸਹਿਰੀ ਹਲਕੇ ਵਿਚ ਬਣੀ ਹੋਈ ਹੈ। ਜਦੋਂਕਿ ਦਿਆਲ ਸੋਢੀ ਦੀ ਅਪਣੀ ਵੋਟ ਭੁੱਚੋਂ ਮੰਡੀ ਹਲਕੇ ਦੇ ਪਿੰਡ ਤੂੰਗਵਾਲੀ ਵਿਚ ਹੈ। ਲੱਖਾ ਸਿਧਾਣਾ ਦੀ ਵੋਟ ਰਾਮਪੁਰਾ ਹਲਕੇ ਦੇ ਪਿੰਡ ਸਿਧਾਣਾ ਵਿਚ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜ ਰਹੇ ਹਰਵਿੰਦਰ ਸਿੰਘ ਲਾਡੀ ਤੇ ਪ੍ਰਕਾਸ਼ ਸਿੰਘ ਭੱਟੀ ਦੀ ਹਲਕੇ ਵਿਚ ਵੋਟ ਨਹੀਂ ਹੈ। ਹਰਵਿੰਦਰ ਸਿੰਘ ਲਾਡੀ ਦੀ ਵੋਟ ਭੁੱਚੋਂ ਮੰਡੀ ਦੇ ਪਿੰਡ ਹਰਰਾਏਪੁਰ ਵਿਚ ਹੈ। ਇਸ ਹਲਕੇ ਤੋਂ ਆਪ ਉਮੀਦਵਾਰ ਅਮਿਤ ਰਤਨ ਦੀ ਪਟਿਆਲਾ ਵਿਖੇ ਰਿਹਾਇਸ਼ ਹੋਣ ਦੇ ਬਾਵਜੂਦ ਵੋਟ ਹਲਕੇ ’ਚ ਪੈਂਦੇ ਅਪਣੇ ਜੱਦੀ ਪਿੰਡ ਕੋਟਫੱਤਾ ਵਿਖੇ ਬਣੀ ਹੋਈ ਹੈ, ਜਿੱਥੇ ਉਨ੍ਹਾਂ ਅਪਣੇ ਪ੍ਰਵਾਰ ਸਮੇਤ ਅਪਣੇ ਹੱਕ ਵਿਚ ਅਪਣੀਆਂ ਵੋਟਾਂ ਪਾਈਆਂ। ਉਧਰ ਭੁੱਚੋਂ ਮੰਡੀ ਵਿਚ ਤਿੰਨ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੇ ਰੁਪਿੰਦਰਜੀਤ ਸਿੰਘ ਵੀ ਹਲਕੇ ਤੋਂ ਬਾਹਰਲੇ ਹਨ। ਵਿਧਾਇਕ ਕੋਟਭਾਈ ਨੇ ਦਸਿਆ ਕਿ ਉਨ੍ਹਾਂ ਅਪਣੇ ਪਿੰਡ ਦੇ ਦੇ ਸਕੂਲ ਵਿਚ ਸਵੇਰੇ ਸਵਾ ਅੱਠ ਵਜੇਂ ਹੀ ਅਪਣੀ ਪਤਨੀ ਨਾਲ ਵੋਟ ਪਾ ਦਿੱਤੀ ਸੀ ਕਿਉਂਕਿ ਮੁੜ ਭੁੱਚੋਂ ਮੰਡੀ ਹਲਕੇ ਵਿਚ ਆਉਣਾ ਸੀ।ਇਸੇ ਤਰ੍ਹਾਂ ਰੁਪਿੰਦਰਜੀਤ ਸਿੰਘ ਨੇ ਭੁੱਚੋਂ ਮੰਡੀ ਹਲਕੇ ਵਿਚ ਜਾਣ ਤੋਂ ਪਹਿਲਾਂ ਬਠਿੰਡਾ ਸ਼ਹਿਰੀ ਹਲਕੇ ਵਿਚ ਅਪਣੇ ਪ੍ਰਵਾਰ ਸਹਿਤ ਵੋਟ ਪਾਈ। ਤਲਵੰਡੀ ਸਾਬੋ ਹਲਕੇ ਵਿਚ ਹਰਮਿੰਦਰ ਸਿੰਘ ਜੱਸੀ, ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ ਸਿੰਘ ਜਟਾਣਾ ਵੀ ਹਲਕੇ ਤੋਂ ਬਾਹਰਲੇ ਹਨ, ਉਹ ਵੀ ਅਪਣੇ ਹੱਕ ਵਿਚ ਤਲਵੰਡੀ ਸਾਬੋ ਹਲਕੇ ਵਿਚ ਵੋਟ ਨਹੀਂ ਪਾ ਸਕਦੇ ਸਨ। ਇਸਤੋਂ ਇਲਾਵਾ ਰਾਮਪੁਰਾ ਫ਼ੂਲ ਹਲਕੇ ਤੋਂ ਬਲਕਾਰ ਸਿੱਧੂ ਦੀ ਵੀ ਹਲਕੇ ਵਿਚ ਵੋਟ ਨਹੀਂ ਹੈ।
ਬਠਿੰਡਾ ’ਚ ਜਿਆਦਾਤਰ ਉਮੀਦਵਾਰ ਅਪਣੇ ਹੱਕ ਵਿਚ ਨਹੀਂ ਪਾ ਸਕੇ ਅਪਣੀ ਵੋਟ
6 Views