ਨਰਸਿੰਗ ਸਟਾਫ਼ ਐਸੋਸੀਏਸ਼ਨ ਨੇ ਸ਼ਹਿਰ ’ਚ ਕੱਢਿਆ ਮਾਰਚ
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :-ਪਿਛਲੇ 13 ਦਿਨਾਂ ਤੋਂ ਸਥਾਨਕ ਸਿਵਲ ਸਰਜ਼ਨ ਦਫ਼ਤਰ ਅੱਗੇ ਅਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਈ ਬੈਠੀ ਨਰਸਿੰਗ ਸਟਾਫ਼ ਐਸੋਸੀਏਸ਼ਨ ਵਲੋਂ ਅੱਜ ਸ਼ਹਿਰ ਵਿਚ ਵਿਤ ਮੰਤਰੀ ਵਿਰੁਧ ਖਾਲੀ ਪੀਪੇ ਖ਼ੜਕਾ ਕੇ ਰੋਸ਼ ਮਾਰਚ ਕੱਢਿਆ। ਸਥਾਨਕ ਸਿਵਲ ਹਸਪਤਾਲ ਤੋਂ ਕਾਲੀਆਂ ਝੰਡੀਆਂ ਲੈ ਕੇ ਸ਼ੁਰੂ ਹੋਇਆ ਇਹ ਮਾਰਚ ਡੋਲਫਿਨ ਚੌਕ ਤੋਂ ਵਾਪਸ ਆਇਆ। ਇਸ ਮੌਕੇ ਨਰਸਾਂ ਨੇ ਸਰਕਾਰ ਤੇ ਵਿਤ ਮੰਤਰੀ ਵਿਰੁਧ ਰੋਹ ਭਰਪੂਰ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਦੋਸ਼ ਲਗਾਇਆ ਕਿ ਉਹ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 13 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪ੍ਰੰਤੂ ਸਰਕਾਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਅਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਪੇ-ਪੈਰਿਟੀ ਨੂੰ ਦੂਰ ਕਰਨ ਤੋਂ ਇਲਾਵਾ ਨਰਸਿੰਗ ਸਟਾਫ਼ ਨੂੰ ਨਰਸਿੰਗ ਅਫ਼ਸਰ ਦਾ ਦਰਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਸਿਵਲ ਹਸਪਤਾਲ ਦੀਆਂ ਨਰਸਾਂ ਤੋਂ ਬਾਅਦ ਹੁਣ ਜ਼ਿਲ੍ਹੇ ’ਚ ਕੰਮ ਕਰਦੀਆਂ ਸਿਹਤ ਵਿਭਾਗ ਦੀਆਂ ਨਰਸਾਂ ਤੋਂ ਇਲਾਵਾ ਸਥਾਨਕ ਕੈਂਸਰ ਡਾਇਗਨੋਸਿਸ ਸੈਂਟਰ ਦਾ ਨਰਸਿੰਗ ਸਟਾਫ਼ ਵੀ ਹੜਤਾਲ ’ਤੇ ਚਲਿਆ ਗਿਆ ਹੈ। ਜਿਸਦੇ ਚੱਲਦੇ ਮਰੀਜ਼ਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।