ਕਿਸਾਨ ਜਥੇਬੰਦੀ ਨਹਿਰ ਦੇ ਤਲ ਨੂੰ ਕੱਚਾ ਰੱਖਣ ਅਤੇ ਦੂਜੇ ਕਿਸਾਨ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਅੜੇ
ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦੋਨਾਂ ਧਿਰਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ : ਪਿੰਡ ਤਿਉਣਾ ਤੋਂ ਰਾਏਕੇ ਤਕ ਪੱਕੀ ਕੀਤੀ ਜਾ ਰਹੀ ਬਠਿੰਡਾ ਨਹਿਰ ਦੇ ਮਸਲੇ ਨੂੰ ਲੈ ਕੇ ਕਿਸਾਨ ਹੀ ਆਹਮੋ-ਸਾਹਮਣੇ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਜਿੱਥੇ ਇਸ ਨਹਿਰ ਦੇ ਤਲ ਨੂੰ ਕੰਕਰੀਟ ਨਾਲ ਪੱਕਾ ਕਰਨ ਦਾ ਵਿਰੋਧ ਕਰ ਰਹੀ ਹੈ ਜਦੋਂਕਿ ਦਰਜ਼ਨ ਦੇ ਕਰੀਬ ਪਿੰਡਾਂ ਦੇ ਕਿਸਾਨ ਟੇਲ ਤੱਕ ਪਾਣੀ ਨਾ ਪਹੁੰਚਣ ਕਾਰਨ ਨਹਿਰ ਦੇ ਤਲ ਨੂੰ ਪੱਕਾ ਕਰਨ ਦੀ ਮੰਗ ’ਤੇ ਅੜ ਗਏ ਹਨ। ਇਸ ਮਸਲੇ ਨੂੰ ਲੈ ਕੇ ਅੱਜ ਦੋਨਾਂ ਧਿਰਾਂ ਵਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਉਚ ਅਧਿਕਾਰੀਆਂ ਅੱਗੇ ਅਪਣਾ ਪੱਖ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਝੁੰਬਾ ਨੇ ਦਾਅਵਾ ਕੀਤਾ ਕਿ ‘‘ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗ ਰਿਹਾ ਹੈ ਤੇ ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਜਹਿਰੀਲਾ ਹੋ ਰਿਹਾ ਹੈ, ਜਿਸਦੇ ਚੱਲਦੇ ਜਥੇਬੰਦੀ ਚਾਹੁੰਦੀ ਹੈ ਕਿ ਨਹਿਰ ਦੇ ਥੱਲੇ ਨੂੰ ਕੰਕਰੀਟ ਨਾਲ ਪੱਕਾ ਕਰਨ ਦੀ ਬਜਾਏ ਇੱਟਾਂ ਦਾ ਬੈਡ ਲਗਾ ਦਿੱਤਾ ਜਾਵੇ ਤਾਂ ਕਿ ਨਹਿਰੀ ਪਾਣੀ ਧਰਤੀ ਵਿਚ ਰੀਚਾਰਜ ਹੁੰਦਾ ਰਹੇ। ਜਿਸਦੇ ਨਾਲ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਵਿਚ ਵੀ ਗੁਣਵੰਤਾ ਬਣੀ ਰਹੇ। ਇਸ ਮੰਗ ਨੂੰ ਲੈਕੇ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਵੀ ਮਿਲ ਕੇ ਮੰਗ ਕੀਤੀ ਕਿ ਨਹਿਰ ਥੱਲੇ ਨੂੰ ਪੱਕਾ ਨਾ ਕੀਤਾ ਜਾਵੇ। ਹਾਲਾਂਕਿ ਕਿਸਾਨ ਆਗੂਆਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਉਹ ਨਹਿਰ ਨੂੰ ਪੱਕੀ ਕਰਨ ਦੇ ਹੱਕ ਵਿਚ ਹਨ। ਦੂਜੇ ਪਾਸੇ ਇਸ ਨਹਿਰ ’ਤੇ ਪੈਣ ਵਾਲੇ ਪਿੰਡ ਪਿਓਰੀ ਦੇ ਸਰਪੰਚ ਛਿੰਦਰ ਸਿੰਘ ਨੇ ਕਿਹਾ ਕਿ ਦਰਜ਼ਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵਲੋਂ ਕਾਫ਼ੀ ਜਦੋਜਹਿਦ ਤੋਂ ਬਾਅਦ ਇਸ ਨਹਿਰ ਨੂੰ ਪੱਕਿਆ ਕਰਨ ਦਾ ਪ੍ਰੋਜੈਕਟ ਪਾਸ ਕਰਵਾਇਆ ਹੈ। ਕਿਸਾਨ ਜਸਪਾਲ ਸਿੰਘ ਨੇ ਕਿਹਾ ਕਿ ਇਸ ਨਹਿਰ ਦੀ ਹਾਲਾਤ ਖਸਤਾ ਹੋਣ ਕਾਰਨ ਟੇਲਾਂ ’ਤੇ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਤੇ ਇਹ ਤਾਂ ਹੀ ਸੰਭਵ ਹੈ ਕਿ ਜੇਕਰ ਨਹਿਰ ਕੰਢਿਆ ਅਤੇ ਹੇਠਾਂ ਤੋਂ ਕੰਕਰੀਟ ਦੀ ਬਣੀ ਹੋਵੇ। ਇਸ ਮੌਕੇ ਹੋਰਨਾਂ ਕਿਸਾਨਾਂ ਨੇ ਵੀ ਇਹ ਮਾਈਨਰ 30-35 ਸਾਲ ਬਣਿਆ ਹੋਣ ਕਾਰਨ ਬੁਰੀ ਤਰ੍ਹਾਂ ਟੁੱਟ ਗਿਆ ਹੈ ਤੇ ਹੁਣ ਇਸ ਕਾਰਨ ਪਿਉਰੀ, ਥਰਾਜ, ਰਾਏਕੇ, ਲਾਲਬਾਈ ਸਹਿਤ ਅੱਧੀ ਦਰਜ਼ਨ ਪਿੰਡਾਂ ਵਿਚ ਟੇਲਾਂ ’ਤੇ ਪਾਣੀ ਨਹੀਂ ਪਹੁੰਚ ਰਿਹਾ। ਉਨਾਂ ਦੋਸ਼ ਲਾਇਆ ਕਿ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਲਈ ਸਰਹਿੰਦ ਨਹਿਰ ਨੂੰ ਪੱਕਾ ਕਰਨ ਵਿਚ ਅੜਿੱਕਾ ਡਾਹ ਰਹੇ। ਇੰਨਾਂ ਕਿਸਾਨਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਨੇ ਪ੍ਰੋਜੈਕਟ ਬਣਾਇਆ ਹੈ, ਉਸਨੂੰ ਉਸੇ ਤਰ੍ਹਾਂ ਪੂਰਾ ਕੀਤਾ ਜਾਵੇ।
Share the post "ਬਠਿੰਡਾ ਨਹਿਰ ਨੂੰ ਪੱਕੇ ਕਰਨ ਦੇ ਮੁੱਦੇ ਨੂੰ ਲੈ ਕੇ ਕਿਸਾਨ ਹੋਏ ਆਹਮੋ-ਸਾਹਮਣੇ"