ਬਾਲ ਸੁਰੱਖਿਆ ਕੌਂਸਲ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਵਚਨਵੱਧ : ਪ੍ਰਾਜਕਤਾ
ਜੇਤੂ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ, 16 ਨਵੰਬਰ : ਬਾਲ ਭਲਾਈ ਕੌਂਸਲ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਬਠਿੰਡਾ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਲਾਨਾ ਰਾਜ ਪੱਧਰੀ ਬਾਲ ਮੇਲਾ ਕਰਵਾਇਆ ਗਿਆ। ਇੱਥੇ ਹਾਂਡੀ ਹੋਟਲ ਵਿਖੇ ਕਰਵਾਏ ਗਏ ਇਸ ਬਾਲ ਮੇਲੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਇਸ ਮੌਕੇ ਬਾਲ ਭਲਾਈ ਕੌਂਸਲ ਪੰਜਾਬ ਦੇ ਚੇਅਰਪ੍ਰਸਨ ਮੈਡਮ ਪ੍ਰਾਜਕਤਾ ਅਵਧ ਨੀਲ ਕੰਠ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ ਨੇ ਬਾਲ ਭਲਾਈ ਕੌਂਸਲ ਵਲੋਂ ਇੱਥੇ ਕਰਵਾਏ ਗਏ ਰਾਜ ਪੱਧਰੀ ਬਾਲ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਅਹਿਮ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਜ਼ਿਲ੍ਹੇ ਅੰਦਰ ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਲੋੜਵੰਦ ਬੱਚਿਆਂ ਨੂੰ ਸਿੱਖਿਆ ਨਾਲ ਜੋੜ ਕੇ ਅੱਗੇ ਵੱਧਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੌਕੇ ਪ੍ਰਦਾਨ ਕਰਨ ਲਈ ਸਪੈਸ਼ਲ ਅਤੇ ਈਵਨਿੰਗ ਸਕੂਲ ਚਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਅਹਿਮ ਉਪਰਾਲਾ ਤੇ ਯਤਨ ਹੈ ਕੋਈ ਵੀ ਲੋੜਵੰਦ, ਗਰੀਬ ਜਾਂ ਸਲੱਮ ਏਰੀਏ ਦੇ ਸਕੂਲ ਛੱਡ ਚੁੱਕੇ ਬੱਚਿਆ ਨੂੰ ਮੁੜ ਸਿੱਖਿਆ ਦੇ ਖੇਤਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸਥਿਤ ਵੂਮੈਨ ਜੇਲ੍ਹ ਵਿਖੇ ਆਪਣੇ ਮਾਪਿਆਂ ਨਾਲ ਰਹਿ ਰਹੇ ਬੱਚਿਆਂ ਦੀ ਸਿੱਖਿਆ ਤੇ ਮੰਨੋਰੰਜ਼ਨ ਲਈ ਸਮਾਰਟ ਸਕੂਲ ਤੇ ਕਰੈਚ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਚ ਬੱਚਿਆਂ ਦੇ ਖੇਡਣ ਲਈ ਖਿਡੌਣੇ ਆਦਿ ਵੀ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਚੇਅਰਪਰਸਨ ਮੈਡਮ ਪ੍ਰਾਜਕਤਾ ਅਵਧ ਨੀਲ ਕੰਠ ਨੇ ਬਾਲ ਭਲਾਈ ਕੌਂਸਲ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਾਲ ਭਲਾਈ ਕੌਂਸਲ ਦਾ ਮੁੱਖ ਕਾਰਜ ਬੱਚਿਆਂ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬਾਲ ਭਲਾਈ ਕੌਂਸਲ ਵਲੋਂ ਕਰੋਨਾ ਕਾਲ ਦੌਰਾਨ ਮਾਤਾ-ਪਿਤਾ ਤੋਂ ਵਾਂਝੇ ਹੋਏ ਬੱਚਿਆਂ ਨੂੰ 12ਵੀਂ ਤੱਕ ਦੀ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਬੱਚਿਆਂ ਨੂੰ ਆਪਣੇ ਪੈਰਾ ਸਿਰ ਖੜ੍ਹੇ ਕਰਨ ਲਈ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾਣਗੇ। ਬਾਲ ਮੇਲੇ ਮੌਕੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ (6ਵੀਂ ਤੋਂ 12ਵੀਂ ਜਮਾਤ ਤੱਕ ਦੇ) ਵਿਦਿਆਰਥੀਆਂ ਦੇ ਕਵਿਤਾ, ਭਾਸ਼ਣ ਤੇ ਗਰੁੱਪ ਡਾਂਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਕਵਿਤਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੂਕਾ (ਲੜਕੀਆਂ) ਬਠਿੰਡਾ ਦੀ ਵਿਦਿਆਰਥਣ ਮਨਜੋਤ ਕੌਰ ਨੇ ਪਹਿਲਾ, ਸੇਕਰਡ ਹਾਰਟ ਸਕੂਲ ਮੋਗਾ ਦੀ ਵਿਦਿਆਰਥਣ ਅਵਲੀਨ ਕੌਰ ਗਿੱਲ ਨੇ ਦੂਜਾ ਅਤੇ ਡੀਏਵੀ ਪਬਲਿਕ ਸਕੂਲ ਜਲੰਧਰ ਦੀ ਵਿਦਿਆਰਥਣ ਮਨਕਿਰਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਫ਼ਰੀਦਕੋਟ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਪਹਿਲਾ, ਭਾਰਤੀ ਵਿਦਿਆ ਭਵਨ ਐਸਐਲ ਪਬਲਿਕ ਸਕੂਲ ਅੰਮ੍ਰਿਤਸਰ ਦੀ ਵਿਦਿਆਰਥਣ ਹਿਮਾਨਿਆ ਕੂਪਰ ਨੇ ਦੂਜਾ ਅਤੇ ਜੀਐਮਐਸਐਸ ਕਮੈਂਟਰੀ ਰੋਡ ਸਿਵਲ ਲਾਇਨ ਲੁਧਿਆਣਾ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗਰੁੱਪ ਡਾਂਸ ਵਿੱਚ ਜਲੰਧਰ ਨੇ ਪਹਿਲਾ, ਲੁਧਿਆਣਾ ਨੇ ਦੂਸਰਾ ਅਤੇ ਫ਼ਰੀਦਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਮਹੰਤ ਗੁਰਬੰਤਾ ਦਾਸ ਸਕੂਲ ਦੇ ਵਿਦਿਆਰਥੀਆਂ ਵਲੋਂ ਵੈਲਕਮ ਗੀਤ ਅਤੇ ਅਖ਼ੀਰ ਵਿੱਚ ਕੌਮੀ ਗੀਤ ਪੇਸ਼ ਕੀਤਾ ਗਿਆ।ਇਸ ਮੌਕੇ ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਬਾਲ ਭਲਾਈ ਕੌਂਸਲ ਦੇ ਖਜ਼ਾਨਚੀ ਡਾ. ਰਤਿੰਦਰ ਕੌਰ ਬਰਾੜ ਤੋਂ ਇਲਾਵਾ ਬਾਲ ਕੌਂਸਲ ਨਾਲ ਸਬੰਧਤ ਅਧਿਕਾਰੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦਾ ਸਟਾਫ਼ ਆਦਿ ਹਾਜ਼ਰ ਸਨ।
Share the post "ਬੱਚਿਆਂ ਦੀ ਭਲਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ : ਰਾਹੁਲ"