ਸੁਖਬੀਰ ਜੋ ਕਰਦਾ ਰਿਹਾ, ਹੁਣ ਉਹੀ ਦਿਖ਼ਾਈ ਦੇ ਰਿਹਾ
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੇਠਲੇ ਪੱਧਰ ’ਤੇ ਪਾਰਟੀ ਨੂੰ ਮਜਬੂਤ ਕਰਨ ’ਚ ਜੁਟੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ‘‘ ਪਾਰਟੀ ਨਵਾਂ ਪੰਜਾਬ ਬਣਾਏਗੀ। ’’ ਅੱਜ ਬਠਿੰਡਾ ਸ਼ਹਿਰ ਵਿਚ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ 117 ਵਿਧਾਨ ਸਭਾ ਹਲਕਿਆਂ ’ਤੇ ਚੋਣ ਲੜਕੇ ਨਵਾਂ ਇਤਿਹਾਸ ਸਿਰਜੇਗੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਭਾਵੀ ਗਠਜੋੜ ’ਤੇ ਕੋਈ ਟਿੱਪਣੀ ਨਾ ਕਰਦਿਆਂ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਡਰਾ-ਧਮਕਾ ਕੇ ਭਾਜਪਾ ਵਿਚ ਸ਼ਾਮਲ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ’ਤੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ‘‘ ਸੁਖਬੀਰ ਸਿੰਘ ਬਾਦਲ ਜੋ ਖੁਦ ਕਰਦਾ ਰਿਹਾ ਹੈ, ਹੁਣ ਉਸਨੂੰ ਉਹੀ ਦਿਖ਼ਾਈ ਦੇ ਰਿਹਾ ਹੈ। ’’ ਉਨ੍ਹਾਂ ਆਖਿਆ ਕਿ ਬੀਜੇਪੀ ਨਾਂ ਤਾਂ ਇੱਕ ਪ੍ਰੀਵਾਰ ਅਤੇ ਨਾਂ ਹੀ ਇੱਕ ਵਿਅਕਤੀ ਦੀ ਪਾਰਟੀ ਹੈ ਤੇ ਇੱਥੇ ਉਮੀਦਵਾਰ ਬਣਾਉਣ ਸਬੰਧੀ ਫੈਸਲੇ ਪਾਰਟੀ ਦਾ ਸੰਸਦੀ ਬੋਰਡ ਕਰਦਾ ਹੈ। ਇਸ ਮੌਕੇ ਉਨ੍ਹਾਂ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿਆਸੀ ਹਮਲੇ ਕੀਤੇ ਉਥੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨੇ ’ਤੇ ਲਿਆ। ਉਧਰ ਸੂਤਰਾਂ ਨੇ ਖ਼ੁਲਾਸਾ ਕੀਤਾ ਕਿ ਪਾਰਟੀ ਆਗੂਆਂ ਦੀ ਮੀਟਿੰਗ ’ਚ ਸੁਸਤ ਚੱਲਣ ਵਾਲੇ ਆਗੂਆਂ ਦੀ ਉਨ੍ਹਾਂ ਕਲਾਸ ਵੀ ਲਗਾਈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣਾਂ ਜਿੱਤਣ ਲਈ ਹਰ ਆਗੂ ਤੇ ਵਰਕਰ ਨੂੰ ਅਪਣੀ ਕਾਰਗੁਜ਼ਾਰੀ ਦਿਖਾਉਣੀ ਪਏਗੀ। ਉਨ੍ਹਾਂ ਪਾਰਟੀ ਲੀਡਰਾਂ ਨੂੰ ਸਵੈ ਪੜਚੋਲ ਕਰਕੇ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਨਸੀਹਤ ਵੀ ਦਿੱਤੀ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਪਾਰਟੀ ਆਗੂਆਂ ਨੂੰ ਆਪਣੀਆਂ ਸਰਗਰਮੀਆਂ ਤੇਜ ਕਰਨ ਦੀ ਹਦਾਇਤ ਵੀ ਦਿੱਤੀ ਅਤੇ ਬੂਥ ਪੱਧਰ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਸੱਦਾ ਦਿੱਤਾ। ਇਸ ਮੌਕੇ ਬਠਿੰਡਾ ਸ਼ਹਿਰੀ ,ਬਠਿੰਡਾ ਦਿਹਾਤੀ ਅਤੇ ਮੌੜ ਦੇ ਅਹੁਦੇਦਾਰ ਹਾਜਰ ਰਹੇ।
ਬਾਕਸ
ਭਾਜਪਾ ਆਗੂਆਂ ਦੇ ਨਜਦੀਕ ਪੁੱਜੇ ਕਿਸਾਨ
ਬਠਿੰਡਾ: ਉਧਰ ਭਾਜਪਾ ਆਗੂਆਂ ਦੀ ਆਮਦ ਨੂੰ ਦੇਖਦਿਆਂ ਵੱਡੀ ਗਿਣਤੀ ਵਿਚ ਕਿਸਾਨ ਪੁੱਜ ਗਏ। ਹਾਲਾਂਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਕਿਸਾਨਾਂ ਨੇ ਭਾਜਪਾ ਆਗੂਆਂ ਵਿਰੁਧ ਨਾਅਰੇਬਾਜ਼ੀ ਵੀ ਕੀਤੀ। ਮੌਕੇ ਦੀ ਨਜ਼ਾਕਤ ਦੇਖਦਿਆਂ ਖ਼ੁਦ ਐਸ.ਐਸ.ਪੀ ਅਜੈ ਮਲੂਜਾ ਵੀ ਪੁੱਜ ਗਏ ਸਨ, ਜਿੱਥੇ ਭਾਜਪਾ ਆਗੂ ਮੀਟਿੰਗ ਤੋਂ ਬਾਅਦ ਚਲੇ ਗਏ। ਇਸ ਦੌਰਾਨ ਭਾਜਪਾ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨਾਲ ਸਥਾਨਕ ਪੁਲਿਸ ਲਾਈਨਜ਼ ਵਿਖੇ ਮੀਟਿੰਗ ਵੀ ਕੀਤੀ।
ਭਾਜਪਾ ਨਵਾਂ ਪੰਜਾਬ ਬਣਾਏਗੀ: ਅਸ਼ਵਨੀ ਸ਼ਰਮਾ
5 Views