ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਹੈ ਜਾਂਚ
ਵਿਜੀਲੈਂਸ ਦੀਆਂ ਹਿਦਾਇਤਾਂ ’ਤੇ ਜਾਰੀ ਕੀਤੀ ਗਈ ਹੈ ਐਲ.ਓ.ਸੀ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਭੇਜਣ ਦੀ ਸੂਚਨਾ ਹੈ। ਉਨ੍ਹਾਂ ਦੀ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਅਮਰੀਕਾ ਲਈ 11 ਜੂਨ ਦੀ ਰਾਤ ਸਮੇਂ ਫ਼ਲਾਇਟ ਸੀ। ਸੂਚਨਾ ਮੁਤਾਬਕ ਸ: ਕਾਂਗੜ੍ਹ ਅਪਣੇ ਭਾਣਜੇ ਦੇ ਵਿਆਹ ’ਤੇ ਜਾ ਰਹੇ ਸਨ, ਜਿੱਥੇ ਉਨਾਂ ਵਲੋਂ ਜੂਨ ਦੇ ਆਖ਼ਰੀ ਹਫ਼ਤੇ ਵਾਪਸੀ ਦੀ ਟਿਕਟ ਕਰਵਾਈ ਹੋਈ ਸੀ। ਪਤਾ ਲੱਗਿਆ ਹੈ ਕਿ ਵਿਜੀਲੈਂਸ ਦੀ ਸਿਫ਼ਾਰਿਸ਼ ’ਤੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਵਿਰੁਧ ਐਲ.ਓ.ਸੀ ਜਾਰੀ ਕੀਤੀ ਗਈ ਸੀ ਤਾਂ ਕਿ ਉਹ ਵਿਦੇਸ ਨਾ ਜਾ ਸਕਣ। ਉਧਰ ਕਾਂਗੜ੍ਹ ਨੇ ਦਾਅਵਾ ਕੀਤਾ ਕਿ ‘‘ਉਹ ਭੱਜ ਨਹੀਂ ਰਿਹਾ ਸੀ, ਬਲਕਿ ਵਿਜੀਲੈਂਸ ਨੂੰ ਸੂਚਨਾ ਦੇ ਕੇ ਅਪਣੇ ਭਾਣਜੇ ਦੇ ਵਿਆਹ ਉਪਰ ਐਡਮੈਂਟਨ ਜਾ ਰਿਹਾ ਸੀ, ਜਿੱਥੇ ਉਸਦਾ 15 ਤੋਂ 17 ਜੂਨ ਤੱਕ ਵਿਆਹ ਸੀ ਤੇ ਉਸਤੋਂ ਬਾਅਦ ਉਨ੍ਹਾਂ ਕੁੱਝ ਹੋਰ ਜਾਣਕਾਰਾਂ ਨੂੰ ਮਿਲਣਾ ਸੀ ਤੇ ਜੂਨ ਦੇ ਆਖ਼ਰੀ ਹਫ਼ਤੇ ਵਾਪਸ ਆ ਜਾਣਾ ਸੀ। ’’ ਕਾਂਗੜ੍ਹ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਜਾਣ ਲਈ ਬਕਾਇਦਾ ਉਨ੍ਹਾਂ ਵਲੋਂ ਅਪਣੀ ਈਮੇਲ ਆਈ.ਡੀ ਤੋਂ ਅਪਣੇ ਕੇਸ ਦੀ ਜਾਂਚ ਕਰ ਰਹੇ ਅਧਿਕਾਰੀ ਡੀ.ਐਸ.ਪੀ ਵਿਜੀਲੈਂਸ ਬਿਉਰੋ ਨੂੰ ਇੱਕ ਮੇਲ ਭੇਜ ਕੇ ਇਸਦੇ ਬਾਰੇ ਸੂਚਿਤ ਕੀਤਾ ਸੀ। ਜਿਕਰ ਕਰਨਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਮਾਲ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਵਿਰੁਧ ਵਿਜੀਲੈਂਸ ਵਲੋਂ ਪਿਛਲੇ ਕਰੀਬ 6 ਮਹੀਨਿਆਂ ਤੋਂ ਜਾਂਚ ਵਿੱਢੀ ਹੋਈ ਹੈ ਤੇ ਇਸ ਦੌਰਾਨ ਉਨ੍ਹਾਂ ਨੂੰ ਸਭ ਤੋਂ ਪਹਿਲਾਂ 20 ਮਾਰਚ ਨੂੰ ਬੁਲਾਇਆ ਸੀ। ਜਿਸਤੋਂ ਬਾਅਦ ਉਹ ਦੋ ਵਾਰ 29 ਮਾਰਚ ਅਤੇ 6 ਅਪ੍ਰੈਲ ਨੂੰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਨ। ਇਸਤੋਂ ਬਾਅਦ ਉਨ੍ਹਾਂ ਨੂੰ ਜਦ ਬੁਲਾਇਆ ਗਿਆ ਤਾਂ ਸ: ਕਾਂਗੜ੍ਹ ਨੇ ਅਪਣੇ ਵਲੋਂ ਕਰਵਾਏ ਗੋਢਿਆ ਦੇ ਅਪਰੇਸ਼ਨ ਦਾ ਸਰਟੀਫਿਕੇਟ ਭੇਜ ਦਿੱਤਾ ਸੀ। ਵਿਜੀਲੈਂਸ ਦੇ ਅਧਿਕਾਰੀਆਂ ਮੁਤਾਬਕ ਹੁਣ ਉਨ੍ਹਾਂ ਨੂੰ ਆਖ਼ਰੀ ਵਾਰ 28 ਮਈ ਨੂੰ ਬੁਲਾਇਆ ਗਿਆ ਸੀ ਪ੍ਰੰਤੂ ਉਹ ਹਾਜ਼ਰ ਨਹੀਂ ਹੋਏ ਸਨ।
Share the post "ਭਾਣਜੇ ਦੇ ਵਿਆਹ ’ਤੇ ਅਮਰੀਕਾ ਚੱਲੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ੍ਹ ਨੂੰ ਹਵਾਈ ਅੱਡੇ ’ਤੇ ਰੋਕਿਆ"