ਸੁਖਜਿੰਦਰ ਮਾਨ
ਬਠਿੰਡਾ, 31 ਜਨਵਰੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕੇਂਦਰ ਸਰਕਾਰ ਵਿਰੁਧ ਵਿਸਵਾਸਘਾਤ ਦਿਵਸ ਮਨਾਉਣ ਲਈ ਸਥਾਨਕ ਚਿਲਡਰਨ ਪਾਰਕ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਵਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕੇਂਦਰਜ ਸਰਕਾਰ ਵਿਰੁਧ ਨਾਅਰੇਬਾਜ਼ੀ ਵੀ ਕੀਤੀ ਗਈ। ਕਿਸਾਨ ਆਗੂ ਕਾਕਾ ਸਿੰਘ ਕੋਟੜਾ, ਬਲਦੇਵ ਸਿੰਘ ਸੰਦੋਹਾ ਤੇ ਰੇਸ਼ਮ ਸਿੰਘ ਯਾਤਰੀ ਨੇ ਦਸਿਆ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਦਿੱਲੀ ’ਚ ਚੱਲੇ ਕਿਸਾਨ ਸੰਘਰਸ਼ ਦੇ ਖ਼ਾਤਮੇ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਬਾਕੀ ਰਹਿ ਗਈਆਂ ਮੰਗਾਂ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਹੁਣ ਸਰਕਾਰ ਟਾਲ ਮਟੋਲ ਕਰ ਰਹੀ ਹੈ। ਜਿਸਦੇ ਚੱਲਦੇ ਕਿਸਾਨਾਂ ਵਿਚ ਭਾਰੀ ਗੁੱਸੇ ਦੀ ਲਹਿਰ ਹੈ। ਕਿਸਾਨ ਆਗੂਆਂ ਨੇ ਦਸਿਆ ਕਿ ਬਾਕੀ ਮੰਗਾਂ ’ਚ ਲਖੀਮਪੁਰ ਖੀਰੀ ਕਾਂਡ ਦੇ ਕਥਿਤ ਮੁੱਖ ਦੋਸੀ ਕੇਂਦਰੀ ਮੰਤਰੀ ਅਜੇ ਮਿਸਰਾ ਨੂੰ ਬਰਖਾਸਤ ਕਰਨਾ,ਐਮ ਐਸ ਪੀ ਤੇ ਗਰੰਟੀ ਕਾਨੂੰਨ ਬਣਾਉਣਾ, ਸਹੀਦ ਹੋਏ ਕਿਸਾਨਾਂ/ਮਜਦੂਰਾਂ ਦੇ ਵਾਰਸਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਦੇਣਾ, ਅੰਦੋਲਨਕਾਰੀ ਕਿਸਾਨਾਂ ਤੇ ਕੇਂਦਰ ਵਲੋਂ ਬਣਾਏ ਝੂਠੇ ਪੁਲਿਸ ਕੇਸਾਂ ਦੀ ਵਾਪਸੀ,ਐਮ ਐਸ ਪੀ ਸਬੰਧੀ ਕਮੇਟੀ ਦਾ ਗਠਨ ਕਰਨਾ, ਡਾਕਟਰ ਸਵਾਮੀ ਨਥਨ ਦੀ ਰਿਪੋਰਟ ਨੂੰ ਲਾਗੂ ਕਰਨਾ, ਕਿਸਾਨਾਂ/ਮਜਦੂਰਾਂ ਦਾ ਮੁਕੰਮਲ ਕਰਜਾ ਖਤਮ ਕਰਨਾ ਸ਼ਾਮਲ ਹੈ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਜੋਧਾ ਸਿੰਘ ਨੰਗਲਾ, ਮੁਖਤਿਆਰ ਸਿੰਘ ਕੁੱਬੇ, ਅਰਜੁਨ ਸਿੰਘ ਫ਼ੂਲ, ਰਵਜੀਤ ਸਿੰਘ ਜੀਦਾ, ਗੁਰਮੇਲ ਸਿੰਘ, ਬਲਕਾਰ ਸਿੰਘ,ਰਾਜਵੀਰ ਸਿੰਘ, ਜਬਰਜੰਗ ਸਿੰਘ, ਬਲਵਿੰਦਰ ਸਿੰਘ ਜੋਧਪੁਰ, ਅੰਗਰੇਜ ਕਲਿਆਣ ਤੇ ਸੁਖਦੇਵ ਸਿੰਘ ਫ਼ੂਲ ਆਦਿ ਹਾਜ਼ਰ ਸਨ।
Share the post "ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਕਿਸਾਨੀ ਮੰਗਾਂ ਲਈ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ"