ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਗੁਜਰਾਤ ਤੋਂ ਅੰਮ੍ਰਿਤਸਰ ਤਕ ਵੱਡੀਆਂ ਕੰਪਨੀਆਂ ਦੇ ਵਪਾਰਕ ਵਰਤੋਂ ਲਈ ਬਣਾਈ ਜਾ ਰਹੀ ਭਾਰਤ ਮਾਲਾ 200 ਫੁੱਟ ਚੌੜੀ ਤੇ 12 ਫੁੱਟ ਉੱਚੀ ਸੜਕ ਬਣਾਉਣ ਲਈ ਕਿਸਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਪਿੰਡ ਰਾਏਖਾਨਾ ਨੇੜੇ ਅੱਜ ਤਹਿਸੀਲਦਾਰ ਮੌੜ, ਡੀ ਐੱਸ ਪੀ ਦਿਹਾਤੀ ਬਠਿੰਡਾ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਵੱਲੋਂ ਪੁਲੀਸ ਦੇ ਜ਼ੋਰ ਧੱਕੇ ਨਾਲ ਕੰਮ ਸ਼ੁਰੂ ਕਰਨ ਲਈ ਪਹੁੰਚੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੇ ਆਗੂਆਂ ਭੋਲਾ ਸਿੰਘ ਰਾਏ ਖਾਨਾ, ਗੁਰਦੀਪ ਸਿੰਘ ਮਾਈਸਰਖਾਨਾ , ਭੋਲਾ ਸਿੰਘ ਮਾੜੀ ਅਤੇ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਵਿਰੋਧ ਕੀਤਾ ਜਿਸ ਤੋਂ ਬਾਅਦ ਸੜਕ ਬਣਾਉਣ ਲਈ ਆਇਆ ਅਮਲਾ ਫੈਲਾ ਆਪਣੀ ਮਸ਼ੀਨਰੀ ਲੈ ਕੇ ਵਾਪਸ ਚਲਾ ਗਿਆ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕਿਸਾਨਾਂ ਨੂੰ ਸੜਕ ਚੌੜੀ ਕਰਨ ਲਈ ਐਕਵਾਇਰ ਕੀਤੀ ਜ਼ਮੀਨ ਦਾ ਨਿਗੂਣਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਇਹ ਮੁਆਵਜ਼ਾ ਸਾਂਝੇ ਖਾਤਿਆਂ ਵਿੱਚ ਪਾਇਆ ਜਾ ਰਿਹਾ ਹੈ ਜਿਸ ਕਾਰਨ ਅਸਲੀ ਜ਼ਮੀਨ ਦੇ ਮਾਲਕ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ । ਬਹੁਤ ਸਾਰੇ ਥਾਵਾਂ ’ਤੇ ਇਹ ਜ਼ਮੀਨ ਕਮਰਸ਼ੀਅਲ ਤੌਰ ਤੇ ਵਰਤੀ ਜਾ ਰਹੀ ਹੈ ਪਰ ਉਨ੍ਹਾਂ ਕਿਸਾਨਾਂ ਨੂੰ ਵੀ ਆਮ ਜਮੀਨਾਂ ਜਿਹਾ ਰੇਟ ਹੀ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਧੱਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿੰਨਾ ਚਿਰ ਸਬੰਧਿਤ ਕਿਸਾਨਾਂ ਦੀ ਪੂਰਨ ਸਹਿਮਤੀ ਨਾਲ ਮਸਲਾ ਹੱਲ ਨਹੀਂ ਹੁੰਦਾ, ਉਨ੍ਹਾਂ ਸਮਾਂ ਸੜਕ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਬਿਨਾਂ ਸੜਕ ਦੇ ਦੋਵੇਂ ਪਾਸੇ ਜ਼ਮੀਨਾਂ ਵਾਲਿਆਂ ਨੂੰ ਰਸਤਾ ਲੰਘਣ ਅਤੇ ਪਾਣੀ ਲਾਉਣ ਲਈ ਮੁਸ਼ਕਲਾਂ ਖੜ੍ਹੀਆਂ ਹੋ ਜਾਣਗੀਆਂ ਇਸ ਨੂੰ ਵੀ ਧਿਆਨ ਚ ਰੱਖ ਕੇ ਸਰਕਾਰ ਇਨ੍ਹਾਂ ਮਸਲਿਆਂ ਦਾ ਵੀ ਹੱਲ ਕਰੇ। ਅਖੀਰ ਪ੍ਰਸ਼ਾਸਨ ਵੱਲੋਂ ਕੱਲ ਨੂੰ ਸਬੰਧਤ ਕਿਸਾਨਾਂ ਤੇ ਕਿਸਾਨ ਆਗੂਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਤੈਅ ਕੀਤੀ। ਕਿਸਾਨ ਆਗੂਆਂ ਨੇ ਬਠਿੰਡਾ ਜਿਲ੍ਹੇ ਦੇ ਇਸ ਭਾਰਤ ਮਾਲਾ ਸੜਕ ਨਾਲ ਸਬੰਧਤ ਸਮੂਹ ਪੀੜਤ ਕਿਸਾਨਾਂ ਨੂੰ ਕੱਲ੍ਹ ਨੂੰ 11 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਦੇ ਪਹੁੰਚਣ ਦੀ ਅਪੀਲ ਕੀਤੀ।
ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣ ਰਹੀ ਸੜਕ ਦਾ ਕਿਸਾਨਾਂ ਨੇ ਕੀਤਾ ਵਿਰੋਧ
7 Views