ਸੁਖਜਿੰਦਰ ਮਾਨ
ਬਠਿੰਡਾ 13 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਸੁਰੇਸ਼ ਕੁਮਾਰ ਸ਼ਰਮਾ ਤੇ ਹੋਏ ਹਮਲੇ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਗਿਆ ਹੈ । ਹਸਪਤਾਲ ਵਿੱਚ ਦਾਖਲ ਅਕਾਲੀ ਸਮਰਥਕ ਦਾ ਪਤਾ ਲੈਣ ਲਈ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ ਸਮੇਤ ਅਕਾਲੀ ਆਗੂ ਹਾਜਰ ਸਨ । ਇਸ ਮੌਕੇ ਅਕਾਲੀ ਸਮਰਥਕ ਐਸਕੇ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਛੱਠ ਪੂਜਾ ਦਾ ਪ੍ਰੋਗਰਾਮ ਕਰਵਾਉਣ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਮੀਟਿੰਗ ਕਰਵਾਉਣ ਦੀ ਖੁੰਦਕ ਕਰਕੇ ਖਜਾਨਾ ਮੰਤਰੀ ਦੇ ਬੰਦਿਆਂ ਵਲੋਂ ਸਾਜਿਸ ਤਹਿਤ ਘਰੇ ਵੜ ਕੇ ਹਮਲਾ ਕੀਤਾ ਗਿਆ ਤੇ ਪਤੀ ਪਤਨੀ ਤੇ ਗੰਭੀਰ ਸੱਟਾਂ ਮਾਰੀਆਂ ਗਈਆਂ ਹਨ, ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਮੁਹੱਲਾ ਨਿਵਾਸੀਆਂ ਨੇ ਬਾਅ ਮੁਸ਼ਕਲ ਛੁਡਵਾ ਕੇ ਹਸਪਤਾਲ ਦਾਖਲ ਕਰਵਾਇਆ । ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਏ ਕਿ ਜਦੋਂ ਤੋਂ ਮਨਪ੍ਰੀਤ ਬਾਦਲ ਬਠਿੰਡਾ ਦੀ ਸਿਆਸਤ ਵਿੱਚ ਆਏ ਹਨ ਉਸ ਦਿਨ ਤੋਂ ਸਿਆਸਤ ਗੰਧਲੀ ਕਰਕੇ ਰੱਖ ਦਿੱਤੀ ਹੈ ਤੇ ਅਕਾਲੀ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ,ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਤੇ ਘਰੇ ਵੜ ਕੇ ਹਮਲੇ ਕੀਤੇ ਜਾ ਰਹੇ ਹਨ, ਇਹ ਘਟਨਾਵਾਂ ਬਰਦਾਸ਼ਤ ਯੋਗ ਨਹੀਂ। ਸਾਬਕਾ ਵਿਧਾਇਕ ਨੇ ਜ਼ਿਲ੍ਹਾ ਪੁਲੀਸ ਮੁਖੀ ਅਜੇ ਮਲੂਜਾ ਸਮੇਤ ਪੁਲੀਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਬੰਦ ਨਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਲਈ ਮਜਬੂਰ ਹੋਵੇਗਾ, ਜਿਸ ਦੀ ਜੰਿਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਜ਼ਾਨਾ ਮੰਤਰੀ ਦੀ ਹੋਵੇਗੀ।
Share the post "ਮਾਮਲਾ ਅਕਾਲੀ ਸਮਰਥਕ ’ਤੇ ਹੋਏ ਹਮਲੇ ਦਾ, ਹਸਪਤਾਲ ਵਿਚ ਪਤਾ ਲੈਣ ਪਹੁੰਚੇ ਸਾਬਕਾ ਵਿਧਾਇਕ"