ਸੁਖਜਿੰਦਰ ਮਾਨ
ਬਠਿੰਡਾ, 8 ਅਗਸਤ –ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਨਾ ਕਰਨ ’ਤੇ ਭੜਕੀਆਂ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਅੱਜ ਸਥਾਨਕ ਮਿੰਨੀ ਸਕੱਤਰੇਤ ਅੱਗੇ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਸ਼ਾਸ਼ਨ ਵਲੋਂ ਬੀਬੀਆਂ ਦੀ ਮੰਗ ’ਤੇ ਪੈਨਲ ਮੀਟਿੰਗ ਕਰਵਾਉਣ ਤੋਂ ਟਾਲਾ ਵੱਟਣ ’ਤੇ ਕੁੱਕ ਬੀਬੀਆਂ ਨੇ ਸ਼ੜਕ ਉਪਰ ਜਾਮ ਲਗਾਉਣ ਦਾ ਐਲਾਨ ਕਰ ਲਿਆ, ਜਿਸਤੋਂ ਬਾਅਦ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਅਤੇ ਤਹਿਸੀਲਦਾਰ ਅਵਤਾਰ ਸਿੰਘ ਨੇ ਬੀਬੀਆਂ ਨੂੰ ਸ਼ਾਂਤ ਕਰਦਿਆਂ 20 ਅਗਸਤ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਬੀਬੀਆਂ ਸਿੱਖਿਆ ਮੰਤਰੀ ਨਾਲ ਗੱਲ ਕਰਵਾਉਣ ’ਤੇ ਅੜ ਗਈਆਂ, ਜਿਸਦੇ ਚੱਲਦੇ ਪ੍ਰਸ਼ਾਸਨ ਵਲੋਂ ਸਿੱਖਿਆ ਮੰਤਰੀ ਦੇ ਦਫ਼ਤਰ ਦੇ ਅਧਿਕਾਰੀਆਂ ਨਾਲ ਗੱਲ ਕਰਵਾਉਣ ਤੋਂ ਬਾਅਦ ਹੀ ਸ਼ੜਕ ਜਾਮ ਕਰਨ ਦਾ ਫੈਸਲਾ ਵਾਪਸ ਲਿਆ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਜਲ ਕੌਰ,ਜਿਲਾ ਪ੍ਰਧਾਨ ਸਿੰਦਰ ਕੌਰ ਸਿਬੀਆ, ਪਰਮਜੀਤ ਕੌਰ ਗਿੱਦੜਬਾਹਾ, ਰੇਖਾ ਰਾਣੀ ਮੁਕਤਸਰ, ਹਰਦੀਪ ਕੌਰ ਨਥਾਣਾ , ਕੁਲਵੰਤ ਕੌਰ ਕਲਿਆਣ, ਚਰਨਜੀਤ ਕੌਰ ਆਦਿ ਨੇ ਕਿਹਾ ਕਿ ਉੁਹ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਤੱਕ ਜਮਾਤਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ। ਸਕੂਲ ਵਿੱਚ ਪੂਰਾ ਸਮਾਂ ਕੰਮ ਕਰਨ ’ਤੇ ਸਾਲ ਵਿਚ ਸਿਰਫ਼ ਦਸ ਮਹੀਨੇ 2200 ਰੁਪਏ ਮਹੀਨੇ ਦੇ ਦਿੱਤੇ ਜਾਂਦੇ ਹਨ।ਇਸਤੋਂ ਇਲਾਵਾ ਕੋਈ ਮਹਿੰਗਾਈ ਭੱਤਾ ਨਹੀਂ ਮਿਲਦਾ ਅਤੇ ਗੈਸ ਭੱਠੀਆਂ ਅਤੇ ਕੂਕਰਾਂ ’ਤੇ ਰਿਸਕ ਵਾਲੇ ਮਾਹੌਲ ਵਿੱਚ ਕੰਮ ਕਰਨ ਦੀ ਬਾਵਜੂਦ ਸਰਕਾਰ ਵੱਲੋਂ ਕੋਈ ਬੀਮਾਂ ਨਹੀਂ ਕਰਵਾਇਆ ਜਾ ਰਿਹਾ। ਆਗੂਆਂ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਨਾਲ ਉਨਾਂ ਦੀ ਹੋਈ ਹਰ ਮੀਟਿੰਗ ਵਿੱਚ ਵਾਅਦਾ ਕੀਤਾ ਗਿਆ ਕਿ ਮਿਡ ਡੇ ਮੀਲ ਕੁੱਕ ਦੀ ਤਨਖਾਹ 3000 ਰੁਪਏ ਮਹੀਨੇ ਤੋਂ ਜਿਆਦਾ ਕੀਤੀ ਜਾਵੇਗੀ, ਜੋ ਅੱਜ ਤੱਕ ਨਹੀਂ ਕੀਤੀ ਗਈ। ਇਸ ਮੌਕੇ ਆਗੂਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਨੂੰ ਛੱਡ ਕੇ ਹੋਰ ਰਾਜਾਂ ਵਿੱਚ ਤਨਖਾਹ ਮਿਡ ਡੇ ਮੀਲ ਕੁੱਕ ਨੂੰ ਜਿਆਦਾ ਮਿਲਦੀ ਹੈ। ਜਿਵੇਂ ਕਿ ਹਰਿਆਣੇ ਵਿੱਚ 4500 ਰੁਪਏ, ਕੇਰਲਾ ਵਿੱਚ 9000 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਮਹੀਨੇ ਦੇ ਪੂਰਾ ਸਾਲ ਦਿੱਤੇ ਜਾਂਦੇ ਹਨ। ਆਗੂਆਂ ਨੇ ਅੱਗੇ ਮੰਗ ਕਰਦਿਆਂ ਕਿਹਾ 25 ਬੱਚਿਆਂ ’ਤੇ ਇੱਕ ਕੁੱਕ ਰੱਖਣ, ਉਸ ਤੋਂ ਬਾਅਦ 100 ਬੱਚਿਆਂ ਤੱਕ ਦੂਸਰੀ ਕੁੱਕ ਰੱਖਣ ਅਤੇ ਅਗਲੇ ਹਰ 100 ਬੱਚਿਆਂ ’ਤੇ ਇੱਕ-ਇੱਕ ਕੁੱਕ ਰੱਖਣ ਦੇ ਬਣਾਏ ਨਿਯਮ ਵਿੱਚ ਤਬਦੀਲੀ ਕੀਤੀ ਜਾਵੇ। ਪ੍ਰੀ ਪ੍ਰਾਇਮਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਨੂੰ ਵੀ ਸਕੂਲਾਂ ਦੇ ਕੁੱਲ ਬੱਚਿਆਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਬੱਚਿਆਂ ਦੀ ਗਿਣਤੀ ਘੱਟਣ ਦੇ ਅਧਾਰ ਤੇ ਪਿਛਲੇ 10-10 ਸਾਲਾਂ ਤੋਂ ਕੰਮ ਕਰਦੀਆਂ ਕੁੱਕ ਨੂੰ ਸਕੂਲਾਂ ਵਿੱਚ ਕੱਢਣਾ ਬੰਦ ਕੀਤਾ ਜਾਵੇ।
ਮਿਡ ਡੇ ਮੀਲ ਕੁੱਕ ਬੀਬੀਆਂ ਨੇ ਬਠਿੰਡਾ ਵਿਖੇ ਕੀਤਾ ਸਰਕਾਰ ਦਾ ਪਿੱਟ ਸਿਆਪਾ
8 Views