ਸੁਖਜਿੰਦਰ ਮਾਨ
ਮੁਹਾਲੀ, 7 ਮਈ: ਇੱਥੋਂ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਧਿਆਨ ਸਿੰਘ ਦੀ ਅੱਜ ਇੱਥੇ ਰੂਪਨਗਰ-ਚੰਡੀਗੜ੍ਹ ਮਾਰਗ ’ਤੇ ਪਿੰਡ ਰੰਗੀਲਪੁਰ ਨੇੜੇ ਭਾਖੜਾ ਨਹਿਰ ਵਿੱਚ ਰਹੱਸਮਈ ਹਾਲਾਤਾਂ ’ਚ ਇਨਡੇਵਰ ਕਾਰ ਡਿੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਸਵੇਰੇ ਕਰੀਬ 9 ਵਜੇਂ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਤੇ ਆਮ ਲੋਕਾਂ ਦੀ ਮੱਦਦ ਨਾਲ ਗੋਤਾਖੋਰਾਂ ਨੇ ਕਾਰ ਨੂੰ ਬਾਹਰ ਕੱਢ ਲਿਆ ਪ੍ਰੰਤੂ ਤਦ ਤੱਕ ਗੁਰਧਿਆਨ ਸਿੰਘ ਵਾਸੀ ਦੁਰਾਲੀ ਜਿਲ੍ਹਾ ਐੱਸਏਐੱਸ ਨਗਰ ਦੀ ਮੌਤ ਹੋ ਚੁੱਕੀ ਸੀ। ਮਿ੍ਰਤਕ ਗੁਰਧਿਆਨ ਸਿੰਘ ਨੂੰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦਾ ਨਜਦੀਕੀ ਮੰਨਿਆ ਜਾਂਦਾ ਸੀ, ਜਿਸਦੇ ਚੱਲਦੇ ਸਾਬਕਾ ਮੰਤਰੀ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਮੰਗੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਨੇ ਉਕਤ ਆਗੂ ਵਿਰੁਧ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ, ਜਿਸ ਕਾਰਨ ਉਹ ਮਾਨਸਿਤ ਤਨਾਅ ਵਿਚ ਚੱਲ ਰਿਹਾ ਸੀ। ਪੁਲਿਸ ਵਲੋਂ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮੁਤਾਬਕ ਮਿ੍ਰਤਕ ਗੁਰਧਿਆਨ ਸਿੰਘ ਉਘਾ ਠੇਕੇਦਾਰ ਸੀ। ਉਹ ਅਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਧੀਆਂ ਤੇ ਪੁੱਤਰ ਛੱਡ ਗਏ ਹਨ। ਉਧਰ ਇਹ ਵੀ ਪਤਾ ਚੱਲਿਆ ਹੈ ਕਿ ਇਸ ਮੌਕੇ ਅਚਾਨਕ ਪੁੱਜੇ ਇੱਕ ਗੋਤਾਖੋਰ ਨੇ ਗੱਡੀ ਚਾਲਕ ਨੂੰ ਬਚਾਉਣ ਲਈ ਛਲਾਂਗ ਲਗਾਈ ਪੰ੍ਰਤੂ ਉਹ ਸਫ਼ਲ ਨਹੀਂ ਹੋ ਸਕਿਆ।
ਇੰਨਾਂ ਖਬਰਾਂ 'ਤੇ ਵੀ ਮਾਰੋਂ ਝਾਤ





