ਬਿਜਲੀ ਦੇ ਖੰਬੇ ਪੁੱਟੇ, ਬਾਗਾਂ ਤੇ ਦਰੱਖ਼ਤਾਂ ਨੂੰ ਜੜੋ ਉਖਾੜਿਆ, ਖੇਤਾਂ ’ਚ ਲੱਗੀਆਂ ਸੋਲਰ ਮੋਟਰਾਂ ਦੀਆਂ ਪਲੇਟਾਂ ਉਡਾਈਆਂ
ਕਈ ਏਕੜ ਵਿਚ ਨਰਮੇ ਦੀ ਫ਼ਸਲ ਹੋਈ ਕਰੰਡ, ਸਬਜੀਆਂ ਦਾ ਵੀ ਹੋਇਆ ਨੁਕਸਾਨ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਬੀਤੀ ਅੱਧੀ ਰਾਤ ਆਏ ਭਾਰੀ ਝੱਖੜ ਤੇ ਹਨੇਰੀ ਨੇ ਬਠਿੰਡਾ ਪੱਟੀ ’ਚ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਤੇਜ ਹਵਾਵਾਂ ਵਿਚ ਜਿੱਥੇ ਬਿਜਲੀ ਦੇ ਵੱਡੇ ਵੱਡੇ ਟਾਵਰ ਤੇ ਖੰਬੇ ਢਹਿ-ਢੇਰੀ ਹੋ ਗਏ, ਉਥੇ ਕਈ ਮਕਾਨਾਂ ਤੇ ਸੈੱਡਾਂ ਦੀ ਛੱਤਾਂ ਸਹਿਤ ਬਾਗਾਂ ਦਾ ਫ਼ਲ ਝੜ ਗਿਆ ਅਤੇ ਦਰੱਖਤਾਂ ਨੂੰ ਜੜੋਂ ਪੁੱਟ ਦਿੱਤਾ। ਦਰੱਖਤਾਂ ਦੇ ਡਿੱਗਣ ਤੇ ਟੁੱਟਣ ਕਾਰਨ ਜਿੱਥੇ ਸੜਕਾਂ ’ਤੇ ਆਵਾਜ਼ਾਈ ਰੁਕ ਗਈ, ਉਥੇ ਨਹਿਰਾਂ ਤੇ ਕੱਸੀਆਂ ਵਿਚ ਇਹ ਦਰੱਖਤ ਡਿੱਗਣ ਕਾਰਨ ਪਾਣੀ ਦੀ ਡਾਫ਼ ਲੱਗ ਗਈ ਤੇ ਜਿਸਦੇ ਚੱਲਦੇ ਕਈ ਥਾਂ ਸੂਏ ਤੇ ਕੱਸੀਆਂ ਵੀ ਟੁੱਟ ਗਈਆਂ। ਖੇਤਾਂ ’ਚ ਸੋਲਰ ’ਤੇ ਚੱਲ ਰਹੀਆਂ ਪਾਣੀ ਵਾਲੀਆਂ ਮੋਟਰਾਂ ਦੀਆਂ ਸੋਲਰ ਪਲੇਟਾਂ ਹਵਾ ’ਚ ਉੱਡ ਗਈਆਂ। ਬਿਜਲੀ ਦੇ ਖੰਬੇ ਟੁੱਟਣ ਅਤੇ ਦਰੱਖਤਾਂ ਦੇ ਬਿਜਲੀ ਦੀਆਂ ਤਾਰਾਂ ਉਪਰ ਡਿੱਗਣ ਕਾਰਨ ਇਲਾਕੇ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਬਠਿੰਡਾ ਸਹਿਰ ਵਿਚ ਵੀ ਸਾਰੀ ਰਾਤ ਅਤੇ ਦਿਨੇ ਵੀ ਕਈ ਘੰਟੇ ਕੱਟ ਜਾਰੀ ਰਹੇ। ਇਸੇ ਤਰ੍ਹਾਂ ਦਰੱਖਤਾਂ ਦੇ ਡਿੱਗਣ ਕਾਰਨ ਬਠਿੰਡਾ ਰਜਵਾਹਾ ਵੀ ਫ਼ੌਜੀ ਛਾਉਣੀ ਇਲਾਕੇ ਵਿਚ ਟੁੱਟ ਗਿਆ, ਜਿਸਨੂੰ ਪੂਰਾ ਕਰਨ ਲਈ ਫ਼ੌਜ ਦੇ ਜਵਾਨ ਜਦੋਜਹਿਦ ਕਰਦੇ ਰਹੇ। ਇਸੇ ਤਰ੍ਹਾਂ ਐਨ.ਐਫ.ਐਲ ਕੋਲ ਗੁਜਰਦਾ ਸੂਆ ਓਵਰਫ਼ਲੋ ਹੋ ਗਿਆ ਅਤੇ ਪਿਊਰੀ ਮਾਈਨਰ ਵੀ ਪਿੰਡ ਝੂੰਬਾ ਕੋਲ ਟੁੱਟ ਗਿਆ। ਜਿਸਦੇ ਨਾਲ ਜਿੱਥੇ ਸੈਕੜੇ ਏਕੜ ਕਿਸਾਨਾਂ ਦੇ ਖੇਤ ਜਲ-ਥਲ ਹੋ ਗਏ, ਉਥੇ ਐਨ.ਐਫ.ਐਲ ਨਾਲ ਲੱਗਦੇ ਸੂਏ ਕਾਰਨ ਰਿਹਾਇਸ਼ੀ ਇਲਾਕੇ ਵਿਚ ਵੀ ਪਾਣੀ ਭਰ ਗਿਆ। ਇੱਥੇ ਗੁਜਰਦੀ ਰੇਲਵੇ ਲਾਈਨ ਵਿਚ ਵੀ ਪਾਣੀ ਭਰਨ ਕਾਰਨ ਫ਼ਿਰੋਜਪੁਰ ਤੋਂ ਬਠਿੰਡਾ ਆ ਰਹੀ ਪੈਸੰਜਰ ਰੇਲ ਗੱਡੀ ਨੂੰ ਵੀ ਕਈ ਘੰਟੇ ਰੁਕਣਾ ਪਿਆ। ਖੇਤਾਂ ਵਿਚ ਪਾਣੀ ਭਰਨ ਨਾਲ ਜਿੱਥੇ ਕਈ ਏਕੜਾਂ ਵਿਚ ਨਰਮੇ ਦੀ ਬੀਜੀ ਫ਼ਸਲ ਕਰੰਡ ਹੋ ਗਈ, ਉਥੇ ਸਬਜੀਆਂ ਵੀ ਤਬਾਹ ਹੋ ਗਈਆਂ। ਝੁੰਬਾਂ ਪਿੰਡ ਦੇ ਕਿਸਾਨ ਬਾਬੂ ਸਿੰਘ, ਸੁੱਖਾ ਸਿੰਘ ਦੇ ਖੇਤਾਂ ਵਿਚ ਵਿਚ ਪਾਣੀ ਭਰ ਗਿਆ ਕਿਸਾਨਾਂ ਨੇ ਦੱਸਿਆ ਕਿ ਉਨਾ ਨੇ ਮਹਿੰਗੇ ਭਾਅ ਬੀਜ ਖ਼ਰੀਦ ਕੇ ਨਰਮੇ ਦੀ ਬੀਜਾਂਦ ਕੀਤੀ ਹੋਈ ਸੀ । ਉਧਰ, ਇਸ ਝੱਖੜ ਨੇ ਕਿੰਨੂਆਂ ਅਤੇ ਅੰਗੂਰਾਂ ਦੇ ਬਾਗਾਂ ਦਾ ਵੀ ਨੁਕਸਾਨ ਕਰ ਦਿੱਤਾ। ਬਾਗਵਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਗੁਰਸਰਨ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਿੰਨੂ ਅਤੇ ਅੰਗੂਰਾਂ ਦਾ ਜੋ ਫ਼ਲ ਚੁੱਕਿਆ ਹੋਇਆ ਸੀ, ਇਸ ਹਨੇਰੀ ਕਾਰਨ ਕਾਫ਼ੀ ਡਿੱਗ ਪਿਆ। ਸੰਗਤ ਮੰਡੀ ਇਲਾਕੇ ’ਚ ਦੋ ਗਰੀਬ ਭੈਣਾਂ ਦੀ ਰਿਹਾਇਸ ਵਾਲੇ ਮਕਾਨ ਦੀ ਛੱਤ ਉੱਡ ਗਈ। ਇਸੇ ਤਰ੍ਹਾਂ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਤੂੜੀ ਦੇ ਢੇਰ ਨੂੰ ਅੱਗ ਲੱਗ ਗਈ। ਮਿਲੇ ਵੇਰਵਿਆਂ ਅਨੁਸਾਰ ਜਿੱਥੇ ਤੇਜ਼ ਝੱਖੜ ਅਤੇ ਮੀਂਹ ਕਾਰਨ ਜਿੱਥੇ ਕੌਮੀ ਸ਼ਾਹ ਮਾਰਗਾਂ ਸਮੇਤ ਲਿੰਕ ਰੋਡਾ ਤੇ ਦਰਖ਼ਤ ਮੂਧੇ ਮੂੰਹ ਜਾ ਡਿੱਗੇ, ਜਿਸਦੇ ਨਾਲ ਬਠਿੰਡਾ ਮਾਨਸਾ ਮਾਰਗ ਦਾ ਸਿਰਫ਼ ਇੱਕ ਪਾਸਾ ਹੀ ਚੱਲਦਾ ਰਿਹਾ। ਇਸੇ ਤਰ੍ਹਾਂ ਬਠਿੰਡਾ ਡੱਬਵਾਲੀ ਰੋਡ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਮੀਂਹ ਝੱਖੜ ਕਾਰਨ ਗੁੱਲ ਹੋਈ ਬਿਜਲੀ ਨੂੰ ਮੁੜ ਬਹਾਲ ਕਰਨ ਲਈ ਵੀਰਵਾਰ ਨੂੰ ਪਾਵਰ ਕੌਮ ਦੀਆ ਟੀਮਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਸਾਰਾ ਦਿਨ ਮਸ਼ੱਕਤ ਕਰਦੀਆਂ ਰਹੀਆਂ ਉੱਥੇ ਨਹਿਰੀ ਗੂੜ੍ਹੀ ਨੀਂਦ ਸੂਤੇ ਨਹਿਰੀ ਮਹਿਕਮੇ ਦੀ ਨੀਂਦ ਲੇਟ ਖੁੱਲ੍ਹੀ। ਜਿਸ ਕਾਰਨ ਸੂਏ ਕੱਸੀਆਂ ਵਿਚ ਪਏ ਪਾੜਾ ਨੂੰ ਪੂਰਨ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨਾਂ ਨੇ ਆਪ ਮਸਕੱਤ ਕੀਤੀ । ਬਠਿੰਡਾ ਸ਼ਹਿਰ ਅੰਦਰ ਜਿੱਥੇ ਬਿਜਲੀ ਦੇ ਖੰਭੇ ਡਿੱਗੇ ਪਏ, ਉੱਥੇ ਸੜਕਾਂ ਉਪਰ ਲੱਗੇ ਮਸਹੂਰੀਆ ਵਾਲੇ ਹੋਰਡਿੰਗ ਅਤੇ ਕੌਮੀ ਸ਼ਾਹ ਮਾਰਗਾਂ ਤੇ ਲੱਗੇ ਸਾਈਨ ਬੋਰਡਾਂ ਨੂੰ ਵੀ ਹਨੇਰੀ ਉਡਾ ਕੇ ਲੈ ਗਈ। ਨਹਿਰ ਵਿਭਾਗ ਦੇ ਐਕਸੀਅਨ ਗੁਰਸਾਗਰ ਸਿੰਘ ਚਹਿਲ ਸਿੰਘ ਦਾ ਕਹਿਣਾ ਹੈ ਬੀਤੀ ਰਾਤ 12 ਤੋਂ 1 ਵਜੇ ਦੇ ਕਰੀਬ ਆਏ ਝੱਖੜ ਕਾਰਨ ਬਠਿੰਡਾ ਦੀ ਸਰਹੰਦ ਨਹਿਰ ਅਤੇ ਸੂਏ ਕੱਸਿਆ ਵਿਚ ਦਰਖ਼ਤ ਡਿੱਗਣ ਕਾਰਨ ਪੁਲਾਂ ਵਿਚ ਡਾਫ ਲੱਗੀ ਜਿਸ ਕਾਰਨ ਸੂਏ ਕੱਸੀਆਂ ਵਿਚ ਪਾੜ ਪੈ ਗਏ ਅਤੇ ਉਨ੍ਹਾਂ ਦੀ ਟੀਮ ਸਿਰਤੋੜ ਯਤਨ ਕਰ ਰਹੀ ਅਤੇ ਪਾੜਾ ਨੂੰ ਕੱਲ੍ਹ ਤੱਕ ਪੂਰ ਦਿੱਤਾ ਜਾਵੇਗਾ।
ਰਾਤ ਨੂੰ ਆਏ ਝੱਖੜ ਤੇ ਹਨੇਰੀ ਨੇ ਬਠਿੰਡਾ ਪੱਟੀ ’ਚ ਮਚਾਈ ਤਬਾਹੀ
12 Views