ਸੁਖਜਿੰਦਰ ਮਾਨ
ਬਠਿੰਡਾ, 21 ਫਰਵਰੀ:- ਆਪ ਵਿਧਾਇਕ ਅਮਿਤ ਰਤਨ ਦੇ ਕਥਿਤ ਨਜਦੀਕੀ ਮੰਨੇ ਜਾਣ ਵਾਲੇ ਰਿਸ਼ਮ ਗਰਗ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਧਾਇਕ ਦੀ ਨਾਮਜਦਗੀ ਦੀ ਮੰਗ ਨੂੰ ਲੈ ਕੇ ਹਲਕਾ ਬਠਿੰਡਾ ਦਿਹਾਤੀ ਦੇ ਕਾਂਗਰਸੀ ਵਰਕਰਾਂ ਨੇ 23 ਫ਼ਰਵਰੀ ਨੂੰ ਵਿਸਾਲ ਰੋਸ਼ ਪ੍ਰਦਰਸ਼ਨ ਕਰਕੇ ਵਿਜੀਲੈਂਸ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਪਾਰਟੀ ਦੇ ਆਗੂਆਂ ਦੀ ਇੱਕ ਮੀਟਿੰਗ ਅੱਜ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਐਮ ਐਲ ਏ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਤੁਰੰਤ ਗ੍ਰਿਫ਼ਤਾਰ ਕਰੇ ਤਾਂ ਜੋ ਹਲਕੇ ਦੇ ਪੀੜਤ ਲੋਕਾਂ ਨੂੰ ਇਨਸਾਫ ਮਿਲ ਸਕੇ ਤੇ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਬਣਿਆ ਰਹੇ। ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਤੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਵਿਧਾਇਕ ਦੀ ਗ੍ਰਿਫ਼ਤਾਰੀ ਵਿੱਚ ਕੋਈ ਢਿੱਲ ਮੱਠ ਦਿਖਾਈ ਜਾਂ ਕਿਸੇ ਤਰ੍ਹਾਂ ਦਾ ਕੋਈ ਪੱਖਪਾਤੀ ਰਵੱਈਆ ਅਪਣਾਇਆ ਤਾਂ ਉਹ ਹਲਕੇ ਦੇ ਆਮ ਲੋਕਾਂ ਨੂੰ ਨਾਲ ਲੈ ਕੇ 23 ਫਰਵਰੀ ਨੂੰ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ। ਇਸ ਮੌਕੇ ਹਰਦੀਪ ਸਿੰਘ ਝੁੰਬਾ ਜ਼ਿਲਾ ਪ੍ਰਧਾਨ ਸਰਪੰਚ ਯੂਨੀਅਨ, ਮੇਜਰ ਸਿੰਘ ਭਾਗੂ ਬਲਾਕ ਪ੍ਰਧਾਨ ਸਰਪੰਚ ਯੂਨੀਅਨ, ਜਗਦੇਵ ਸਿੰਘ ਜੱਸੀ ਪੌ ਵਾਲੀ ਬਲਾਕ ਪ੍ਰਧਾਨ ਜਾਟ ਮਹਾਂ ਸਭਾ,ਚਾਨਣ ਸਿੰਘ ਸਿੱਧੂ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਕੋਟਸ਼ਮੀਰ,ਬਿਕਰਮਜੀਤ ਸਿੰਘ ਸਰਪੰਚ ਸਰਦਾਰ ਵਾਲਾ,ਅਮਨਦੀਪ ਸਿੰਘ ਸਿਵੀਆਂ, ਜਗਵਿੰਦਰ ਸਿੰਘ ਸਰਪੰਚ, ਹੇਮ ਰਾਜ ਸਰਪੰਚ ਕਟਾਰ ਸਿੰਘ ਵਾਲਾ ਆਦਿ ਹਾਜ਼ਰ ਸਨ।
Share the post "ਰਿਸ਼ਵਤ ਕਾਂਡ: ਕਾਂਗਰਸੀ ਵਰਕਰਾਂ ਵਲੋਂ ਵਿਜੀਲੈਂਸ ਦਫ਼ਤਰ ਅੱਗੇ 23 ਨੂੰ ਧਰਨਾ ਦੇਣ ਦਾ ਐਲਾਨ"