ਐਸ ਪੀ ਨੂੰ ਦਿੱਤਾ ਵਪਾਰੀਆਂ ਦੀ ਕੰਮ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 3 ਫਰਵਰੀ: ਲਗਾਤਾਰ ਚੋਰੀਆਂ ਤੋਂ ਅੱਕੇ ਸ਼ਹਿਰ ਦੇ ਵਪਾਰੀਆਂ ਨੇ ਅੱਜ ਰੋਸ਼ ਮਾਰਚ ਕੱਢਿਆ। ਇਸ ਮੌਕੇ ਉਨ੍ਹਾਂ ਐਸਐਸਪੀ ਨੂੰ ਵਪਾਰੀਆਂ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਮੰਗ ਪੱਤਰ ਵੀ ਦਿੱਤਾ। ਮਾਮਲੇ ਦੀ ਨਜਾਕਤ ਨੂੰ ਦੇਖਦਿਆਂ ਪੁਲਿਸ ਅਧਿਕਾਰੀਆਂ ਨੇ ਵੀ ਦੋਸ਼ੀਆਂ ਨੂੰ ਜਲਦ ਫੜਣ ਦਾ ਭਰੋਸਾ ਦਿਵਾਇਆ। ਦੱਸਣਾ ਬਣਦਾ ਹੈ ਕਿ ਭਾਗੂ ਰੋਡ ਦੀ ਗਲੀ ਨੰਬਰ 2 ਵਿੱਚ ਸਥਿਤ ਇਕ ਦੁਕਾਨਦਾਰ ਮਹਿੰਦਰ ਜਲਾਣਾ ਦੀ ਦੁਕਾਨ ਵਿਚ 25-26 ਜਨਵਰੀ ਦੀ ਰਾਤ ਨੂੰ ਚੋਰੀ ਹੋ ਗਈ ਸੀ। ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਸੀ। ਉਕਤ ਰਾਤ ਗਣਤੰਤਰਤਾ ਦਿਵਸ ਮੌਕੇ ਝੰਡਾ ਲਹਿਰਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਬਠਿੰਡਾ ਵਿੱਚ ਠਹਿਰੇ ਹੋਏ ਸਨ। ਹਾਲਾਂਕਿ ਪੁਲਸ ਨੇ ਇਸ ਚੋਰੀ ਦੇ ਮਾਮਲੇ ਵਿਚ ਪਰਚਾ ਦਰਜ ਕਰ ਲਿਆ ਸੀ ਪਰ ਤਿੰਨ ਦਿਨਾਂ ਬਾਅਦ ਉਕਤ ਦੁਕਾਨ ਵਿਚ ਚੋਰਾਂ ਨੇ ਮੁੜ ਪਾੜ ਲਾ ਲਿਆ ਤੇ ਵੱਡੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦੂਜੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਈ ਨਵੇਂ ਚੋਰ ਨਹੀਂ ਸਨ, ਬਲਕਿ ਉਹ ਪੁਰਾਣੇ ਹੀ ਸਨ ਜਿਨ੍ਹਾਂ ਨੇ ਇਸ ਦੁਕਾਨ ਵਿੱਚੋ 25 ਜਨਵਰੀ ਨੂੰ ਚੋਰੀ ਕੀਤੀ ਸੀ । ਜਿਸ ਕਾਰਨ ਦੁਕਾਨਦਾਰਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹਿਆ ਹੋਇਆ ਹੈ। ਇਸਤੋਂ ਇਲਾਵਾ ਸ਼ਹਿਰ ਵਿਚ ਹੋਰਨਾਂ ਥਾਵਾਂ ’ਤੇ ਵੀ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਦੋ ਦਿਨ ਪਹਿਲਾਂ ਸਥਾਨਕ ਅਨਾਜ਼ ਮੰਡੀ ਵਿਖੇ ਵੀ ਵਪਾਰੀਆਂ ਨੇ ਧਰਨਾ ਲਗਾਉਂਦਿਆਂ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸੇ ਤਰਜ਼ ’ਤੇ ਵਪਾਰੀਆਂ ਵਲੋਂ ਅੱਜ ਭਾਗੂ ਰੋਡ ਤੋਂ ਐਸ ਐਸ ਪੀ ਦਫਤਰ ਤੱਕ ਕੱਢੇ ਰੋਸ ਮਾਰਚ ਨੂੰ ਵਪਾਰ ਮੰਡਲ ਵੱਲੋਂ ਹਿਮਾਇਤ ਦਿੱਤੀ ਹੋਈ ਸੀ। ਇਸ ਮੌਕੇ ਇਕ ਵਪਾਰੀ ਸੁਮਿਤ ਗਰਗ ਨੇ ਕਿਹਾ ਕਿ ਪੁਲਸ ਦੀ ਅਣਗਹਿਲੀ ਕਾਰਨ ਕੋਈ ਵੀ ਵਪਾਰੀ ਸੁਰੱਖਿਅਤ ਨਹੀਂ ਹਨ ਜਿਸਦੇ ਚੱਲਦੇ ਹਰ ਰੋਜ਼ ਸਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੀੜਤ ਦੁਕਾਨਦਾਰ ਮਹਿੰਦਰ ਨੇ ਦੋਸ਼ ਲਗਾਇਆ ਕਿ ਸੀਸੀਟੀਵੀ ਦੀ ਫੁਟੇਜ ਦੇਣ ਅਤੇ ਚੋਰਾਂ ਬਾਰੇ ਦੱਸਣ ਦੇ ਬਾਵਜੂਦ ਹਾਲੇ ਤੱਕ ਪੁਲਿਸ ਚੋਰਾਂ ਨੂੰ ਫੜ ਨਹੀਂ ਸਕੀ ਹੈ। ਪੁਲਿਸ ਅਧਿਕਾਰੀਆਂ ਨੇ ਪਰਚਾ ਦਰਜ਼ ਕੀਤਾ ਹੋਇਆ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਵਪਾਰੀਆਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਲਗਾਤਾਰ ਚੋਰੀਆਂ ਤੋਂ ਅੱਕੇ ਵਪਾਰੀਆਂ ਨੇ ਸ਼ਹਿਰ ਵਿਚ ਕੱਢਿਆ ਰੋਸ਼ ਮਾਰਚ
5 Views