’ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਰਵਾਇਆ ਪਾਰਟੀ ’ਚ ਸ਼ਾਮਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਜਨਵਰੀ: ਲੁਧਿਆਣਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਮੰਗਲਵਾਰ ਨੂੰ ਲੁਧਿਆਣਾ ਦੇ ਵਾਰਡ ਨੰਬਰ 38 ਦੇ ਕੌਂਸਲਰ ਕੁਲਦੀਪ ਸਿੰਘ ਧਨੇਸਰ (ਬਿੰਟਾ) ਅੱਧੇ ਦਰਜਨ ਸਮਰਥਕਾਂ ਸਮੇਤ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਵਿਖੇ ’ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਸਾਰੇ ਆਗੂਆਂ ਨੂੰ ਰਸਮੀ ਤੌਰ ’ਤੇ ਪਾਰਟੀ ’ਚ ਸ਼ਾਮਲ ਕੀਤਾ ਗਿਆ। ਕੁਲਦੀਪ ਸਿੰਘ ਧਨੇਸਰ ਦੇ ਨਾਲ ਉਨ੍ਹਾਂ ਦੇ ਸਾਥੀ ਧਰਮਿੰਦਰ ਸਿੰਘ ਸਰਾਂ, ਮਨੀ ਰਾਮ ਭਗਤ ਅਤੇ ਈਸ਼ੂ ਤਿਗਰਾ (ਯੂਥ ਕਾਂਗਰਸ) ਅਤੇ ਕਈ ਹੋਰ ਆਗੂ ਵੀ ‘ਆਪ’ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਿੰਸ ਜੌਹਰ (ਇੰਚਾਰਜ, ਵਾਰਡ ਨੰ. 36) ਅਤੇ ਰਵੀ ਟੰਡਨ (ਪ੍ਰਧਾਨ, ਵਾਰਡ ਨੰ. 47) ਵੀ ਹਾਜ਼ਰ ਸਨ। ਇਸ ਮੌਕੇ ਸਮੂਹ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ। ਮਾਨ ਸਰਕਾਰ ਦੇ ਕੰਮਾਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਇੱਕ ਆਸ ਦੀ ਕਿਰਨ ਜਾਗੀ ਹੈ ਅਤੇ ਆਪਣੇ ਕੰਮ ਦੀ ਬਦੌਲਤ ਵਿਧਾਨ ਸਭਾ ਵਾਂਗ ਨਗਰ ਨਿਗਮ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰੇਗੀ।
ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਆਪਣੇ ਸਮਰਥਕਾਂ ਸਮੇਤ ’ਆਪ’ ਵਿੱਚ ਸ਼ਾਮਲ
11 Views