ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਪੈਂਦੇ ਲਹਿਰਾ ਬੇਗਾ ਅਤੇ ਜੀਦਾ ਟੋਲ ਪਲਾਜ਼ਿਆਂ ’ਤੇ ਚੱਲ ਰਹੇ ਮੋਰਚਿਆਂ ਨੂੰ ਵਰ੍ਹਦੇ ਮੀਂਹ ਵਿੱਚ ਵੀ ਜਾਰੀ ਰੱਖਿਆ। ਟੌਲ ਪਲਾਜ਼ਾ ਕੰਪਨੀ ਵਲੋਂ ਪਹਿਲਾਂ ਤੈਅਸੁਦਾ ਰੇਟ ਨੂੰ ਦੁਗਣਾ ਕਰਨ ਦੇ ਵਿਰੋਧ ’ਚ 11 ਦਸੰਬਰ ਤੋਂ ਇਹ ਧਰਨੇ ਜਾਰੀ ਹਨ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਠੂ ਸਿੰਘ ਕੋਟੜਾ , ਬਸੰਤ ਸਿੰਘ ਕੋਠਾਗੁਰੂ, ਪਰਮਜੀਤ ਕੌਰ ਪਿੱਥੋ ਅਤੇ ਮਾਲਣ ਕੌਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਸਾਰੀ ਖੇਤੀ ਉਪਜ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ 5 ਜੂਨ 2020 ਨੂੰ ਨਵੇਂ ਤਿੰਨ ਖੇਤੀ ਕਾਨੂੰਨ ਲਿਆਂਦੇ ਸਨ। ਜਿਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਵਿੱਚ ਕਾਰਪਰੇਟਾਂ ਦੇ ਕਾਰੋਬਾਰ ਬੰਦ ਕਰਨ ਦੇ ਸੱਦੇ ਤਹਿਤ 1 ਅਕਤੂਬਰ 2020 ਤੋਂ ਟੋਲ ਪਲਾਜ਼ਾ ਲਹਿਰਾ ਬੇਗਾ ਅਤੇ ਜੀਦਾ ਬੰਦ ਕੀਤੇ ਹੋਏ ਹਨ । 19 ਨਵੰਬਰ ਨੂੰ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਸਮੇਤ ਬਾਕੀ ਮੰਗਾਂ ਬਾਰੇ 11ਦਸੰਬਰ ਨੂੰ ਸਾਰੀਆਂ ਮੰਗਾਂ ਦੀ ਸਹਿਮਤੀ ਤੋਂ ਬਾਅਦ ਪੁਰਾਣੇ ਰੇਟਾਂ ਤੇ ਟੋਲ ਫੀਸ ਲੈਣ ਦੇ ਐਲਾਨ ’ਤੇ ਟੋਲ ਪਲਾਜ਼ੇ ਛੱਡਣ ਦਾ ਫੈਸਲਾ ਕੀਤਾ ਗਿਆ ਸੀ ਪਰ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਨਵੇਂ ਵਧੇ ਹੋਏ ਰੇਟਾਂ ਤੇ ਟੋਲ ਪਲਾਜ਼ੇ ਚਲਾਉਣ ਦੀ ਕੋਸਸਿ ਕੀਤੀ। ਜਿਸਦੇ ਚੱਲਦੇ ਮਜਬੂਰਨ ਕਿਸਾਨਾਂ ਨੂੰ ਮੁੜ ਟੋਲ ਪਲਾਜ਼ਿਆਂ ’ਤੇ ਮੋਰਚੇ ਸ਼ੁਰੂ ਕਰਨੇ ਪਏ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਪੁਰਾਣੇ ਰੇਟ ’ਤੇ ਟੌਲ ਫੀਸ ਨਹੀਂ ਲਾਈ ਜਾਂਦੀ ਓਨਾ ਚਿਰ ਟੋਲ ਪਲਾਜ਼ੇ ਬੰਦ ਰਹਿਣਗੇ। ਅੱਜ ਦੇ ਇਕੱਠਾਂ ਨੂੰ ਜਸਪਾਲ ਸਿੰਘ ਕੋਠਾ ਗੁਰੂ,ਗੁਰਤੇਜ ਸਿੰਘ ਗੁਰੂਸਰ,ਸੁਖਦੇਵ ਸਿੰਘ ਜਵੰਦਾ , ਬੂਟਾ ਸਿੰਘ ਬੱਲੋ ਅਤੇ ਬਲਦੇਵ ਸਿੰਘ ਚਾਉਕੇ ਨੇ ਵੀ ਸੰਬੋਧਨ ਕੀਤਾ।
ਵਰਦੇਂ ਮੀਂਹ ’ਚ ਵੀ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਰੱਖੇ
12 Views