ਇਕੱਲੇ ਬਠਿੰਡਾ ਸ਼ਹਿਰ ’ਚ ਦਰਜ਼ਨਾਂ ਨਜਾਇਜ਼ ਕਲੌਨੀਆਂ ਦਾ ਲੱਗਿਆ ਪਤਾ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ: ਸੂਬੇ ਦੀ ਆਪ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਹਰਕਤ ’ਚ ਆਈ ਵਿਜੀਲੈਂਸ ਬਿਉਰੋ ਨੇ ਹੁਣ ਬਠਿੰਡਾ ਪੱਟੀ ’ਚ ਪਿਛਲੇ ਕੁੱਝ ਸਾਲਾਂ ਦੌਰਾਨ ‘ਖੁੰਬਾਂ’ ਵਾਂਗ ਹੋਂਦ ਵਿਚ ਆਈਆਂ ਪ੍ਰਾਈਵੇਟ ਕਲੌਨੀਆਂ ਦੀ ਜਾਂਚ ਵਿੱਢ ਦਿੱਤੀ ਹੈ। ਹੁਣ ਤੱਕ ਹੋਈ ਮੁਢਲੀ ਰੀਪੋਰਟ ਮੁਤਾਬਕ ਇਕੱਲੇ ਬਠਿੰਡਾ ਸ਼ਹਿਰ ਵਿਚ ਹੀ ਦਰਜਨਾਂ ਨਜਾਇਜ਼ ਕਲੌਨੀਆਂ ਬਾਰੇ ਪਤਾ ਲੱਗਿਆ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ’ਚ ਕਈ ਅਜਿਹੇ ‘ਭਦਰਪੁਰਸ਼ਾਂ’ ਦੇ ਚਿਹਰੇ ਤੋਂ ਨਕਾਬ ਉਤਰਨ ਦੀ ਉਮੀਦ ਹੈ ਜਿੰਨ੍ਹਾਂ ਨਗਰ ਨਿਗਮ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੁਰਾਣੀਆਂ ਤਰੀਕਾਂ ਦੇ ਅਸਟਾਮ ਵਰਤ ਕੇ ਜਾਇਜ਼ ਕਰਵਾਇਆ ਸੀ।
ਇੰਨ੍ਹਾਂ ‘ਭਦਰਪੁਰਸ਼ਾਂ’ ਵਿਰੁਧ ਪਿਛਲੀ ਕਾਂਗਰਸ ਸਰਕਾਰ ਦੌਰਾਨ ਅਸਟਾਮਾਂ ਦੇ ਮਾਮਲੇ ’ਚ ਵਿੱਢੀ ਜਾਂਚ ਨੂੰ ਸਿਆਸੀ ਪ੍ਰਭਾਵ ਨਾਲ ਠੰਢੇ ਬਸਤੇ ਵਿਚ ਪਾ ਦਿੱਤਾ ਸੀ। ਮਿਲੀ ਸੂਚਨਾ ਮੁਤਾਬਕ ਵਿਜੀਲੈਂਸ ਬਿਉਰੋ ਦੀ ਬਠਿੰਡਾ ਰੇਂਜ ਵਲੋਂ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਪਿਛਲੇ ਸਾਲਾਂ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਆਈਆਂ ਕਲੌਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
20 ਲੱਖ ਰਿਸ਼ਵਤ ਕਾਂਡ ’ਚ ਫਰਾਰ ਇੰਸਪੈਕਟਰ ਖੇਮ ਚੰਦ ਪ੍ਰਾਸਰ ਵਿਜੀਲੈਂਸ ਵਲੋਂ ਗ੍ਰਿਫ਼ਤਾਰ
ਸੂਤਰਾਂ ਮੁਤਾਬਕ ਇਸ ਜਾਂਚ ਦੌਰਾਨ ਸ਼ਹਿਰ ਦੇ ਉਨ੍ਹਾਂ ਕਲੌਨੀਨਾਈਜ਼ਰਾਂ ਤੋਂ ਵੀ ਦਸਤਾਵੇਜ਼ ਇਕੱਤਰ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਲੋਂ ਸਾਰੀਆਂ ਫ਼ੀਸਾਂ ਭਰਨ ਅਤੇ ਸੀਐਲਯੂ ਆਦਿ ਕਰਵਾਉਣ ਤੋਂ ਬਾਅਦ ਕਲੌਨੀਆਂ ਕੱਟੀਆਂ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਿਆਦਾਤਰ ਨਜਾਇਜ਼ ਕਲੌਨੀਆਂ ਛੋਟੀਆਂ-ਛੋਟੀਆਂ ਹਨ, ਜਿੰਨਾਂ ਵਿਚ ਇਹ ਕਲੋਨੀਆਂ ਕੱਟਣ ਵਾਲੇ ਵਿਅਕਤੀਆਂ ਨੇ ਕਿਸਾਨਾਂ ਜਾਂ ਹੋਰਨਾਂ ਤੋਂ 5 ਤੋਂ 15 ਏਕੜ ਤੱਕ ਜਮੀਨ ਖ਼ਰੀਦਣ ਦਾ ਸੌਦਾ ਤੈਅ ਕੀਤਾ ਤੇ ਬਿਆਨੇ ਤੋਂ ਬਾਅਦ ਉਸ ਜਮੀਨ ਦਾ ਕਾਗਜ਼ਾਂ ਵਿਚ ਨਕਸ਼ਾ ਬਣਾ ਕੇ ਉਸਨੂੰ ਸਿੱਧਾ ਹੀ ਕਿਸਾਨਾਂ ਤੋਂ ਰਜਿਸਟਰੀਆਂ ਕਰਵਾ ਕੇ ਲੋੜਵੰਦਾਂ ਨੂੰ ਵੇਚ ਦਿੱਤਾ।
Fazilka News: ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ’ਤੇ ਨੌਕਰੀ ਕਰਦਾ ਪੰਜਾਬੀ ਲੈਕਚਰਾਰ ਕੜਿੱਕੀ ’ਚ ਫ਼ਸਿਆ
ਇਸਦੇ ਨਾਲ ਜਿੱਥੇ ਸਰਕਾਰ ਨੂੰ ਟੈਕਸ ਦੇ ਰੂਪ ਵਿਚ ਮਿਲਣ ਵਾਲੇ ਕਰੋੜਾਂ ਦੀ ਰਾਸ਼ੀ ਦਾ ਚੂਨਾ ਲੱਗਿਆ, ਉਥੇ ਅਪਣੀ ਮਿਹਨਤ ਦੀ ਕਮਾਈ ਦੇ ਨਾਲ ਇੰਨ੍ਹਾਂ ਗੈਰ ਕਾਨੂੰਨੀ ਕਲੌਨੀਆਂ ਵਿਚ ਪਲਾਟ ਖ਼ਰੀਦਣ ਵਾਲਿਆਂ ਦਾ ਵੀ ਭਾਰੀ ਨੁਕਸਾਨ ਹੋਇਆ, ਕਿਉਂਕਿ ਅਜਿਹੀ ਕਲੌਨੀਆਂ ਵਿਚ ਨਾਂ ਤਾਂ ਪਾਣੀ, ਸੀਵਰੇਜ ਜਾਂ ਸੜਕਾਂ ਤੇ ਬਿਜਲੀ ਆਦਿ ਦੀ ਸਹੂਲਤ ਮਿਲੀ, ਬਲਕਿ ਇੱਥੇ ਬਣਾਏ ਹੋਏ ਮਕਾਨਾਂ ਨੂੰ ਵੀ ਨਿਗਮ ਦੇ ਬੁਲਡੋਜਰਾਂ ਵਲੋਂ ਢਾਹੁਣ ਦੀ ਤਲਵਾਰ ਵੀ ਸਿਰ ਉਪਰ ਲਟਕ ਗਈ।
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2: ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ’ਚ ਖੇਡਣਗੇ ਵਾਲੀਬਾਲ ਦਾ ਮੈਚ
ਜਾਂਚ ਦੌਰਾਨ ਇੱਕ ਇਹ ਵੀ ਵੱਡੀ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਇੱਥੇ ਤੈਨਾਤ ਰਹੇ ਨਿਗਮ ਦੇ ਅਧਿਕਾਰੀਆਂ ਨੇ ਅਜਿਹੀਆਂ ਗੈਰ-ਕਲੌਨੀਆਂ ਦੀਆਂ ਸਿਕਾਇਤਾਂ ਮਿਲਣ ਦੇ ਬਾਵਜੂਦ ਕਾਰਵਾਈ ਕਰਨ ਤੋਂ ‘ਘੇਸਲ’ ਵੱਟੀ ਰੱਖੀ। ਜਿਸਦੇ ਚੱਲਦੇ ਅਜਿਹੇ ਅਧਿਕਾਰੀਆਂ ਨੂੰ ਹੁਣ ਵਿਜੀਲੈਂਸ ਦੇ ਦਫ਼ਤਰ ਦੀਆਂ ਲਗਾਤਾਰ ਪੋੜੀਆਂ ਚੜ੍ਹਣੀਆਂ ਪੈ ਰਹੀਆਂ ਹਨ। ਸੂਤਰਾਂ ਮੁਤਾਬਕ ਇੰਨਾਂ ਅਧਿਕਾਰੀਆਂ ਵਿਚ ਪਿਛਲੀ ਸਰਕਾਰ ਦੌਰਾਨ ‘ਮਿਸਟਰ ਪ੍ਰਸੈਂਟਜ਼’ ਵਜੋਂ ਮਸ਼ਹੂਰ ਰਿਹਾ ਇੱਕ ਅਧਿਕਾਰੀ ਵੀ ਸ਼ਾਮਲ ਹੈ।
ਬਠਿੰਡਾ ’ਚ ਮਲੋਟ ਰੋਡ ’ਤੇ ਬਣਨ ਵਾਲਾ ਨਵਾਂ ਬੱਸ ਅੱਡਾ ਹੁਣ ਹੋਰ ਅੱਗੇ ਵੱਲ ਹੋਵੇਗਾ ਸਿਫ਼ਟ!
ਵਿਜੀਲੈਂਸ ਦੇ ਇੱਕ ਸੂਤਰ ਨੇ ਖ਼ੁਲਾਸਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਬੇਸ਼ੱਕ ਪੂਰੇ ਸ਼ਹਿਰ ਵਿਚ ਨਜਾਇਜ਼ ਇਮਾਰਤਸਾਜ਼ੀ ਦਾ ਕੰਮ ਜੋਰਾਂ-ਸੋਰਾਂ ਨਾਲ ਚਾਲੂ ਰਿਹਾ ਪ੍ਰੰਤੂ ਜੋਨ ਨੰਬਰ 8, 7 ਅਤੇ 6 ਵਿਚ ਤਾਂ ਨਿਗਮ ਅਧਿਕਾਰੀਆਂ ਦੀ ਮਿਹਨਬਾਨੀ ਨਾਲ ‘ਖੁੱਲੇ ਖਾਤੇ’ ਵਿਚ ਹੀ ਕੰਮ ਚੱਲਦਾ ਰਿਹਾ। ਜਿਸਦੇ ਚੱਲਦੇ ਜਾਂਚ ਦੌਰਾਨ ਕਾਫ਼ੀ ਹੈਰਾਨ ਕਰਨ ਵਾਲੇ ਪਹਿਲੂ ਸਾਹਮਣੇ ਆ ਰਹੇ ਹਨ।
ਤਹਿਸੀਲ ’ਚ ਹੁੰਦੀ ਖੱਜਲ-ਖੁਆਰੀ ਤੋਂ ਅੱਕੇ ਪ੍ਰਾਪਟੀ ਡੀਲਰਾਂ ਨੇ ਖੜਕਾਇਆ ਡੀਸੀ ਦਾ ਦਰਵਾਜ਼ਾ
ਬਠਿੰਡਾ ਸ਼ਹਿਰ ਦੇ ਆਸਪਾਸ ਹੈ ਕਲੌਨੀਆਂ ਦੀ ਭਰਮਾਰ
ਬਠਿੰਡਾ: ਜੇਕਰ ਇਕੱਲੇ ਬਠਿੰਡਾ ਸ਼ਹਿਰ ਵਿਚ ਗੱਲ ਕੀਤੀ ਜਾਵੇ ਤਾਂ ਇੱਥੇ ਸ਼ਹਿਰ ਦੇ ਅੰਦਰ ਤੋਂ ਇਲਾਵਾ ਬਾਹਰਲੇ ਪਾਸਿਆਂ ਵਿਚ ਵੀ ਕਲੌਨੀਆਂ ਦੀ ਭਰਮਾਰ ਹੈ। ਇੰਨ੍ਹਾਂ ਕਲੌਨੀਆਂ ਨੂੰ ਵੇਚਣ ਵਾਲਿਆਂ ਵਲੋਂ ਕਈ ਤਰ੍ਹਾਂ ਦੇ ਸਬਜਬਾਗ ਦਿਖਾਏ ਜਾਂਦੇ ਹਨ। ਮੌਜੂਦਾ ਸਮੇਂ ਵਿਚ ਵੀ ਸ਼ਹਿਰ ਵਿਚ ਕਲੌਨੀਆਂ ਦਾ ਦੌਰ ਜਾਰੀ ਹੈ। ਹਾਲਾਂਕਿ ਇੰਨ੍ਹਾਂ ਵਿਚੋਂ ਵੱਡੀਆਂ ਪਾਰਟੀਆਂ ਵਲੋਂ ਹੁਣ ਸੀਐਲਯੂ ਤੇ ਹੋਰ ਕਾਰਵਾਈਆਂ ਤੋਂ ਬਾਅਦ ਕਲੌਨੀਆਂ ਕੱਟੀਆਂ ਜਾ ਰਹੀਆਂ ਹਨ। ਸ਼ਹਿਰ ਦੀ ਬਾਦਲ-ਮਲੋਟ ਰਿੰਗ ਰੋਡ ਅਤੇ ਮਲੋਟ ਰੋਡ ਉਪਰ ਮੌਜੂਦਾ ਸਮੇਂ ਜਮੀਨਾਂ ਦੀ ਖ਼ਰੀਦੋ ਫ਼ਰੌਖਤ ਦਾ ਕੰਮ ‘ਰਬੜ’ ਵਾਂਗ ਪੂਰੀ ਤਰ੍ਹਾਂ ਖਿੱਚਿਆ ਹੋਇਆ ਦਿਖ਼ਾਈ ਦੇ ਰਿਹਾ ਹੈ, ਜਿਹੜੀ ਕਿ ਕਿਸੇ ਵੀ ਸਮੇਂ ਟੁੱਟ ਸਕਦੀ ਹੈ।
Share the post "ਵਿਜੀਲੈਂਸ ਵਲੋਂ ਬਠਿੰਡਾ ’ਚ ‘ਖੁੰਬਾਂ’ ਵਾਂਗ ਉੱਗੀਆਂ ਪ੍ਰਾਈਵੇਟ ਕਲੌਨੀਆਂ ਦੀ ਜਾਂਚ ਸ਼ੁਰੂ"