ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 6 ਫ਼ਰਵਰੀ : ਵਿਦੇਸ਼ ’ਚ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਠੱਗੀ ਮਾਰਨ ਦੇ ਦੋਸ਼ਾਂ ਹੇਠ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਥਾਨਕ ਮਹੇਸ਼ਵਰੀ ਚੌਕ ਵਿਚ ਸਥਿਤ ਡਾਲਫ਼ਿਨ ਇੰਸਟੀਚਿਊਟ ਦੇ ਪ੍ਰਬੰਧਕਾਂ ਸਹਿਤ ਅੱਧੀ ਦਰਜ਼ਨ ਵਿਅਕਤੀਆਂ ਵਿਰੁਧ ਧੋਖਾਧੜੀ ਦਾ ਪਰਚਾ ਦਰਜ਼ ਕੀਤਾ ਹੈ। ਹਾਲਾਂਕਿ ਇਸ ਸਬੰਧ ਵਿਚ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਪ੍ਰੰਤੂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜੇਕਰ ਪੁਲਿਸ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਕਾਫ਼ੀ ਮਾਮਲੇ ਹੋਰ ਸਾਹਮਣੇ ਆਉਣ ਦੀ ਸੰਭਾਵਨਾ ਹੈ। ਮਿਲੀ ਸੂਚਨਾ ਮੁਤਾਬਕ ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਹਰਪ੍ਰੀਤ ਸਿੰਘ ਵਾਸੀ ਪਿੰਡ ਲੰਗੇਆਣਾ ਜ਼ਿਲ੍ਹਾ ਮੋਗਾ ਨੇ ਸਿਕਾਇਤ ਦਿੱਤੀ ਸੀ ਕਿ ਉਹ ਅਪਣੀ ਪਤਨੀ ਨਾਲ ਵਿਦੇਸ਼ ਵਿਚ ਸੈਟਲ ਹੋਣਾ ਚਾਹੁੰਦੇ ਸਨ, ਜਿਸਦੇ ਚੱਲਦੇ ਉਨ੍ਹਾਂ ਵਲੋਂ ਡਾਲਫਿਨ ਇੰਸਟੀਚਿਊਟ ਬਠਿੰਡਾ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ਉਕਤ ਇੰਸਟੀਚਿਊਟ ਵਿਚ ਬੇਅੰਤ ਕੌਰ ਵਾਸੀ ਪਿੰਡ ਚੱਕ ਰਾਮ ਸਿੰਘ ਵਾਲਾ, ਯੁਗਵਿੰਦਰ ਸਿੰਘ ਵਾਸੀ ਪਿੰਡ ਸੁਖਨਾ, ਨਰੇਸ਼ ਕੁਮਾਰ ਵਾਸੀ ਏਲਨਾਬਾਦ ਜ਼ਿਲ੍ਹਾ ਸਿਰਸਾ ਅਤੇ ਗੌਰਵ ਕੁਮਾਰ ਵਾਸੀ ਮੁਹਾਲੀ ਉਸਨੂੰ ਵੱਖ ਵੱਖ ਸਮਂੇ ਦੌਰਾਨ ਮਿਲੇ। ਜਿੰਨ੍ਹਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਅਤੇ ਇਸਦੇ ਬਦਲੇ ਉਸਤੋਂ ਸਾਰੇ ਦਸਤਾਵੇਜ ਲੈ ਲਏ ਅਤੇ ਨਾਲ ਹੀ ਵਖ ਵਖ ਸਮਂੇ ਦੌਰਾਨ ਕੈਨੇਡਾ ਭੇਜਣ ਲਈ ਕਰੀਬ ਸਾਢੇ 42 ਲੱਖ ਰੁਪਏ ਵੀ ਲੈ ਲਏ। ਪ੍ਰੰਤੂ ਬਾਅਦ ਵਿਚ ਨਾਂ ਤਾਂ ਕੈਨੇਡਾ ਭੇਜਿਆ, ਨਾ ਹੀ ਦਸਤਾਵੇਜ਼ ਵਾਪਸ ਕੀਤੇ ਅਤੇ ਨਾ ਹੀ ਪੈਸੇ ਮੋੜੇ, ਜਿਸਦੇ ਚੱਲਦੇ ਉਸਨੂੰ ਪੁਲਿਸ ਕੋਲ ਸਿਕਾਇਤ ਦੇਣੀ ਪਈ। ਇਸ ਮਾਮਲੇ ਦੀ ਜਾਂਚ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਵਿੰਗ ਵਲੋਂ ਕੀਤੀ ਗਈ, ਜਾਂਚ ਤੋਂ ਬਾਅਦ ਲਗਾਏ ਆਰੋਪਾਂ ਦੀ ਪੁਸ਼ਟੀ ਹੋਣ ’ਤੇ ਉਕਤ ਵਿਅਕਤੀਆਂ ਵਿਰੁਧ ਧਾਰਾ 420,406 ਅਤੇ 120 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Share the post "ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ਾਂ ਹੇਠ ਡਾਲਫ਼ਿਨ ਇੰਸਟੀਚਿਊਟ ਦੇ ਪ੍ਰਬੰਧਕਾਂ ਵਿਰੁਧ ਪਰਚਾ ਦਰਜ਼"