ਮੌਜੂਦ ਵਿਧਾਇਕ ਤੇ ਹਲਕਾ ਇੰਚਾਰਜ਼ ਸਹਿਤ 28 ਨੇ ਮੰਗੀ ਟਿਕਟ
ਸੁਖਜਿੰਦਰ ਮਾਨ
ਬਠਿੰਡਾ, 01 ਜਨਵਰੀ: ਹਰ ਵਾਰ ਉਮੀਦਵਾਰ ਬਦਲਣ ਕਾਰਨ ਚਰਚਾ ਵਿਚ ਰਹਿਣ ਵਾਲੇ ਹਲਕਾ ਮੋੜ ’ਚ ਮੁੜ ਆਗਾਮੀ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਬਣਨ ਵਾਲਿਆਂ ਦੀ ਲੰਮੀ ਲਾਈਨ ਲੱਗਦੀ ਜਾ ਰਹੀ ਹੈ। ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦਾ ਮੋੜ ਵਿਧਾਨ ਸਭਾ ਹਲਕਾ ਇਕੱਲਾ ਅਜਿਹਾ ਹਲਕਾ ਹੈ, ਜਿੱਥੇ ਕਾਂਗਰਸ ਪਾਰਟੀ ਤੋਂ 28 ਵਿਅਕਤੀਆਂ ਨੇ ਟਿਕਟ ਦੀ ਮੰਗ ਕੀਤੀ ਹੈ। ਇੰਨ੍ਹਾਂ ਵਿਚ ਆਪ ਨੂੰ ਛੱਡ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮੌਜੂਦਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਹਲਕਾ ਇੰਚਾਰਜ਼ ਵਜੋਂ ਵਿਚਰ ਰਹੇ ਡਾ ਮੰਜੂ ਬਾਂਸਲ, , ਭੁਪਿੰਦਰ ਸਿੰਘ ਗੋਰਾ ਤੋਂ ਇਲਾਵਾ ਤਾਜ਼ੀ-ਤਾਜੀ ਜ਼ਿਲ੍ਹਾ ਪ੍ਰਧਾਨਗੀ ਛੱਡਣ ਵਾਲੇ ਅਵਤਾਰ ਸਿੰਘ ਗੋਨਿਆਣਾ ਵੀ ਟਿਕਟ ਦੇ ਦਾਅਵੇਦਾਰਾਂ ਦੀ ਦੋੜ ਵਿਚ ਪ੍ਰਮੁੱਖ ਹਨ। ਇਸੇ ਤਰ੍ਹਾਂ ਲੰਮੇ ਸਮੇਂ ਬਾਅਦ ਬਠਿੰਡਾ ਪੱਟੀ ’ਚ ਆਉਣ ਵਾਲੀ ਬੀਬੀ ਪਰਮਜੀਤ ਕੌਰ ਪੀਰਜਾਦਾ ਵੀ ਦੋੜ ਵਿਚ ਸ਼ਾਮਲ ਹੋ ਗਈ ਹੈ। ਜਦਂੋਂਕਿ ਰਾਮਪੁਰਾ ਫ਼ੂਲ ਤੋਂ ਵਿਧਾਇਕ ਰਹੇ ਮਹਰੂਮ ਮੰਤਰੀ ਹਰਬੰਸ ਸਿੰਘ ਸਿੱਧੂ ਦੇ ਦੋਨੋਂ ਪੁੱਤਰਾਂ ਨੇ ਵੀ ਟਿਕਟ ਦੀ ਮੰਗ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਰਾਮਪੁਰਾ ਫ਼ੂਲ ’ਤੇ ਵੀ ਅਪਣੀ ਦਾਅਦੇਵਾਰੀ ਛੱਡੀ ਨਹੀਂ ਹੈ। ਕਾਂਗਰਸ ਪਾਰਟੀ ਦੇ ਉਚ ਸੂਤਰਾਂ ਮੁਤਾਬਕ ਬੇਸੱਕ ਇਸ ਹਲਕੇ ਵਿਚੋਂ ਟਿਕਟ ਦੀ ਮੰਗ ਕਰਨ ਵਾਲਿਆਂ ਦੀ ਕਤਾਰ ਕਾਫ਼ੀ ਲੰਮੀ ਹੈ ਪ੍ਰੰਤੂ ਟਿਕਟ ਦੇ ਗੰਭੀਰ ਦਾਅਵੇਦਾਰਾਂ ਵਿਚ ਮੰਜੂ ਬਾਂਸਲ, ਜਗਦੇਵ ਕਮਾਲੂ , ਭੁਪਿੰਦਰ ਗੋਰਾ, ਅਵਤਾਰ ਸਿੰਘ ਗੋਨਿਆਣਾ ਦਾ ਨਾਮ ਹੀ ਚੱਲਦਾ ਹੈ। ਇਸੇ ਤਰ੍ਹਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨਾਲ ਵਿਚਰਨ ਵਾਲੇ ਨੌਜਵਾਨ ਆਗੂ ਤੇ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਿੱਪੀ ਭਾਕਰ, ਐਡਵੋਕੇਟ ਜਗਦੇਵ ਸਿੰਘ, ਅੰਮਿ੍ਰਤ ਕੌਰ ਗਿੱਲ, ਸਿਮਰਤ ਕੌਰ ਧਾਲੀਵਾਲ, ਪ੍ਰਮਾਤਮਾ ਸਿੰਘ, ਨਵਜੋਤ ਸਿੰਘ ਸੰਧੂ, ਮਨਿੰਦਰ ਸਿੰਘ ਸੇਖੋ, ਗੁਰਪਿਆਰ ਸਿੰਘ, ਅਮਰਧੀਰ ਸਿੰਘ, ਅਮਰਬੀਰ ਸਿੰਘ ਆਦਿ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਦਾਅਵੇਦਾਰ ਬੇਸ਼ੱਕ ਕਿੰਨੇ ਵੀ ਹੋਣ ਪ੍ਰੰਤੂ ਟਿਕਟ ਮਿਲਣ ਦੀ ਸੰਭਾਵਨਾ ਮੰਜੂ ਬਾਂਸਲ ਨੂੰ ਹੀ ਹੈ।
ਰਾਮਪੁਰਾ ਫ਼ੂਲ ’ਚ 9 ਜਣੇ ਟਿਕਟ ਦੇ ਬਣੇ ਦਾਅਵੇਦਾਰ
ਬਠਿੰਡਾ: ਉਧਰ ਸੂਬੇ ਦੇ ਚਰਚਿਤ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ’ਚ ਵੀ ਇਸ ਵਾਰ 9 ਉਮੀਦਵਾਰਾਂ ਨੇ ਟਿਕਟ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਹਲਕੇ ਦੀ ਟਿਕਟ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਦੀ ਪੱਕੀ ਮੰਨੀ ਜਾਂਦੀ ਹੈ। ਪ੍ਰੰਤੂ ਇੱਥੋਂ ਅਮਰਧੀਰ ਸਿੰਘ, ਮਨਜੀਤ ਸਿੰਘ, ਚਮਕੌਰ ਸਿੰਘ, ਹਰਪ੍ਰੀਤ ਸਿੰਘ, ਕਮਲਜੀਤ ਸਿੰਘ, ਪਰਮਜੀਤ ਆਦਿ ਨੇ ਵੀ ਟਿਕਟ ਦੀ ਦਾਅਵੇਦਾਰੀ ਜਤਾਈ ਹੈ।
ਵਿਧਾਇਕ ਬਣਨ ਦਾ ਚਾਅ: ਮੋੜ ਹਲਕੇ ’ਚ ਇੱਕ ਅਨਾਰ ਸੋ ਬੀਮਾਰ
7 Views