ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਵੇਰਕਾ ਮਿਲਕ/ ਕੈਟਲਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ। ਸੂਬਾਈ ਆਗੂ ਪਵਨਦੀਪ ਸਿੰਘ ਨੇ ਇੱਥੇ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਵੇਰਕਾ ਦੇ ਵਿਭਾਗਾਂ ਵਿੱਚ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਭਗਵੰਤ ਸਿੰਘ ਮਾਨ ਦੀ ਇਸ ਸਰਕਾਰ ਵੱਲੋਂ ਵੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ’ਚ ਲੈ ਕੇ ਰੈਗੂਲਰ ਕਰਨ ਦੀ ਬਜਾਏ ਉਹਨਾਂ ਦੇ ਕੱਚੇ ਕੰਮ ਨੂੰ ਵੀ ਖਤਮ ਕਰਨ/ਛਾਂਟੀਆ ਕਰਕੇ ਬੇ-ਰੁਜਗਾਰਾਂ ਨੂੰ ਪੱਕਾ ਰੁਜਗਾਰ ਦੇਣ ਦਾ ਢੌਂਗ ਰਚਿਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਵੇਰਕਾ ਮਿਲਕ ਪਲਾਂਟ ਦੇ ਠੇਕਾ ਮੁਲਾਜ਼ਮਾਂ ਵੱਖ-ਵੱਖ ਪੋਸਟਾਂ ’ਤੇ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ, ਨੂੰ ਵਿਭਾਗਾਂ ਵਿੱਚ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ, ਅਤੇ ਉਹਨਾਂ ’ਤੇ ਵਿਤੋਂ ਬਾਹਰਾ ਕੰਮ ਲੈਣਾ ਬੰਦ ਕੀਤਾ ਜਾਵੇ। ਇਸੇ ਤਰ੍ਹਾਂ ਆਨੀ-ਬਹਾਨੇ ਕੱਚੇ/ਠੇਕਾ ਕਾਮਿਆਂ ਦੀਆਂ ਛਾਂਟੀਆ ਬੰਦ ਕੀਤੀਆਂ ਜਾਣ। ਵਿਭਾਗਾਂ ਵਿੱਚ ਠੇਕੇਦਾਰ ਦਵਾਰਾ ਅੰਨ੍ਹੀ ਲੁੱਟ ਨੂੰ ਖਤਮ ਕੀਤਾ ਜਾਵੇ, ਵੇਰਕਾ ਦੇ ਵਿੱਚ ਠੇਕੇਦਾਰ ਦੁਵਾਰਾ ਐਕਟ 1948 ਮੁਤਾਬਿਕ ਮਿਨੀਮਮ ਵੇਜਿਜ਼ ਤੋਂ ਵੀ ਘੱਟ ਰੇਟਾਂ ਤੇ ਕੰਮ ਲਿਆ ਜਾ ਰਿਹਾ ਹੈ ਜਦ ਕਿ ਠੇਕੇਦਾਰਾਂ ਦੇ ਟੈਂਡਰ ਤੇ ਘੱਟੋ ਘੱਟ ਮਿਨੀਮਮ ਵੇਜਿਜ਼ ਦੇਣ ਦੀ ਸ਼ਰਤ ਲਾਗੂ ਹੈ ਪਰ ਇਨ੍ਹਾਂ ਵੱਲੋਂ 5-6 ਹਜ਼ਾਰ ਦੇ ਕੇ ਵਰਕਰਾਂ ਤੋਂ ਕੰਮ ਲਿਆ ਜਾਂਦਾ ਹੈ ਅਤੇ ਡਿਊਟੀ ਵੀ 8 ਘੰਟੇ ਤੋਂ ਵੱਧ ਲਈ ਜਾਂਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀ 20. 12. 2022 ਨੂੰ ਪੰਜਾਬ ਦੇ ਵੱਖ ਵੱਖ ਪਲਾਂਟਾਂ ਦੇ ਮੂਹਰੇ ਰੋਸ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ । ਜੇਕਰ ਧਰਨਾ ਪ੍ਰਦਰਸ਼ਨਾਂ ਵਿਚ ਦੁੱਧ ਜਾਂ ਹੋਰ ਕੋਈ ਜੋ ਵੀ ਨੁਕਸਾਨ ਹੋਵੇਗਾ ਇਸ ਦੀ ਜ਼ੁੰਮੇਵਾਰ ਮਨੇਜਮੈਂਟ ਤੇ ਸਰਕਾਰ ਦੀ ਹੋਵੇਗੀ। ਇਸ ਮੌਕੇ ਵੱਖ-ਵੱਖ ਪਲਾਂਟਾਂ ਦੇ ਪ੍ਰਧਾਨਾਂ/ਅਹੁਦੇਦਾਰਾਂ ਨੇ ਮੰਗਾਂ ਸਬੰਧੀ ਚਰਚਾ ਕੀਤੀ ਅਤੇ ਵੱਡੀ ਗਿਣਤੀ ’ਚ ਵਰਕਰਾਂ ਨੇ ਸਮੂਲੀਅਤ ਕਰਕੇ ਅਤੇ ਜੋਰਦਾਰ ਨਾਅਰੇਬਾਜ਼ੀ ਕਰਕੇ ਐਲਾਨੇ ਸੰਘਰਸ਼ ਪ੍ਰੋਗਰਾਮ ਨੂੰ ਸਫਲ ਕਰਨ ਦੇ ਇਰਾਦੇ ਪ੍ਰਗਟ ਕੀਤੇ। ਇਸ ਸੰਘਰਸ਼ ਚ ਭਰਾਤਰੀ ਮਜਦੂਰ, ਕਿਸਾਨ ,ਮੁਲਾਜ਼ਮ ਜਥੇਬੰਦੀਆਂ ਵਲੋਂ ਵੀ ਸਮਰਥਨ ਤੇ ਹਮਾਇਤ ਦੇ ਨਾਲ ਮਜਦੂਰ-ਮੁਲਾਜ਼ਮ ਲਹਿਰ ਦੀ ਉਸਾਰੀ ਸਬੰਧੀ ਕੀਮਤੀ ਤਜਰਬੇ ਸਾਂਝੇ ਕੀਤੇ।
Share the post "ਵੇਰਕਾ ਮਿਲਕ/ ਕੈਟਲ ਫੀਡ ਪਲਾਂਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅਗਲੇ ਸੰਘਰਸ਼ ਦਾ ਐਲਾਨ"