ਪੰਜਾਬੀ ਖ਼ਬਰਸਾਰ ਬਿਊਰੋ
ਸ਼੍ਰੀ ਆਨੰਦਪੁਰ ਸਾਹਿਬ, 14 ਜੂਨ: ਸਾਲ 2011 ਤੋਂ ਲਗਾਤਾਰ ਹਲਕਾ ਸ੍ਰੀ ਅਨੰਦਪੁਰ ਸਾਹਿਬ (ਦੋਹਰਾ) ਤੋਂ ਐਸ.ਸੀ. ਕੋਟੇ ਦੇ ਸ੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਮੈਂਬਰ ਚੱਲੇ ਆ ਰਹੇ ਪਿ੍ਰੰਸੀਪਲ ਸੁਰਿੰਦਰ ਸਿੰਘ ਦਾ ਬੀਤੀ ਅੱਧੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਵੀ ਸਨ। ਇਸਤੋਂ ਇਲਾਵਾ ਸਿੱਖ ਮਿਸ਼ਨਰੀ ਕਾਲਜ ਦੇ ਲੰਮਾ ਸਮਾਂ ਤੋਂ ਪਿ੍ਰੰਸੀਪਲ ਸਨ। ਸੂਚਨਾ ਮੁਤਾਬਕ ਸੋਮਵਾਰ ਅੱਧੀ ਰਾਤ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸਤੋਂ ਬਾਅਦ ਉਨ੍ਹਾਂ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਕਰੀਬਨ 12.18 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਗਵਾਰ ਨੂੰ ਚਰਨ ਗੰਗਾ ਸਮਸ਼ਾਨਘਾਟ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੀ ਸ਼ਾਮ ਚਾਰ ਵਜੇਂ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸਤੋਂ ਪਹਿਲਾਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਵਿਖੇ ਰੱਖਿਆ ਜਾਵੇਗਾ। ਦਸਿਆ ਜਾ ਰਿਹਾ ਹੈ ਕਿ 66 ਸਾਲਾਂ ਪਿ੍ਰੰਸੀਪਲ ਸੁਰਿੰਦਰ ਸਿੰਘ ਗੁਰਦਿਆਂ ਦੀ ਬੀਮਾਰੀ ਤੋਂ ਪੀੜ੍ਹਤ ਸਨ। ਉਹ ਅਪਣੇ ਪਿੱਛੇ ਧਰਮ ਪਤਨੀ, ਇਕ ਧੀ ਤੇ ਇਕ ਸਪੁੱਤਰ ਛੱਡ ਗਏ ਹਨ। ਅਪਣੀ ਵਿਲੱਖਣ ਪਹਿਚਾਣ ਰੱਖਣ ਵਾਲੇ ਪਿ੍ਰੰਸੀਪਲ ਸੁਰਿੰਦਰ ਸਿੰਘ ਕਰੀਬ 1973 ਤੋਂ ਗੁਰਮਤਿ ਦੇ ਪ੍ਰਚਾਰ ਦੇ ਕੰਮ ਵਿਚ ਡਟੇ ਹੋਏ ਸਨ ਤੇ ਸਾਲ 1995 ਤੋਂ ਉਹ ਸਿੱਖ ਮਿਸਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪਿ੍ਰੰਸੀਪਲ ਵਜੋਂ ਵੀ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੀ ਬੇਵਕਤੀ ਮੌਤ ’ਤੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਹਿਤ ਹੋਰਨਾਂ ਸਿੱਖ ਆਗੂਆਂ ਨੇ ਵੀ ਦੁੱਖ ਪ੍ਰਗਟਾਇਆ ਹੈ।
ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਦਾ ਹੋਇਆ ਦਿਹਾਂਤ
12 Views