ਸਕੂਲ ’ਚ ਤੈਨਾਤ ਇੱਕ ਚਰਚਿਤ ਅਧਿਆਪਕ ਨੇ ਸਾਥੀ ਅਧਿਆਪਕ ਦੀ ਕੀਤੀ ਕੁੱਟਮਾਰ
ਸੁਖਜਿੰਦਰ ਮਾਨ
ਬਠਿੰਡਾ, 08 ਮਾਰਚ: ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਰੋੜਾਂ ਦੀ ਲਾਗਤ ਨਾਲ ਮਾਡਲ ਸਕੂਲ ਵਜੋਂ ਵਿਕਸਤ ਕੀਤੇ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਧੋਬੀਆਣਾ ਬਸਤੀ ਵਿੱਚ ਅੱਜ ਇੱਕ ਅਧਿਆਪਕ ਜੋੜੇ ਨੇ ਕਥਿਤ ਤੌਰ ‘ਤੇ ਆਪਣੇ ਸਾਥੀ ਅਧਿਆਪਕ ’ਤੇ ਹਮਲਾ ਕਰ ਦਿੱਤਾ। ਇੱਕ ਬੱਚੇ ਦੇ ਵਰਾਂਡੇ ਵਿਚੋਂ ਟੱਪਣ ਨੂੰ ਲੈ ਕੇ ਹੋਇਆ ਇਹ ਵਿਵਾਦ ਇੰਨ੍ਹਾਂ ਵਧ ਗਿਆ ਕਿ ਸਕੂਲ ਦੇ ਬਾਹਰ ਗੁਜ਼ਰ ਰਹੇ ਲੋਕਾਂ ਨੂੰ ਮਾਮਲਾ ਸ਼ਾਂਤ ਕਰਨ ਲਈ ਸਕੂਲ ਅੰਦਰ ਆਉਣਾ ਪਿਆ। ਹਾਲਾਂਕਿ ਦੇਰ ਸ਼ਾਮ ਤੱਕ ਦੋਨਾਂ ਧਿਰਾਂ ਵਿਚਕਾਰ ਸਮਝੋਤਾ ਹੋਣ ਦੀ ਗੱਲਬਾਤ ਚੱਲਦੀ ਹੋਣ ਦੀ ਸੂਚਨਾ ਮਿਲੀ ਸੀ ਪ੍ਰੰਤੂ ਸਿੱਖਿਆ ਵਿਭਾਗ ਦੇ ਜਿਆਦਾਤਰ ਅਧਿਆਪਕਾਂ ਤੇ ਅਧਿਕਾਰੀਆਂ ਨੇ ਇਸ ਘਟਨਾ ਲਈ ਸਕੂਲ ’ਚ ਤੈਨਾਤ ਇੱਕ ਵਿਵਾਦਤ ਅਧਿਆਪਕ ਨੂੰ ਜਿੰਮੇਵਾਰ ਠਹਿਰਾਇਆ ਹੈ। ਪਤਾ ਲੱਗਿਆ ਹੈ ਕਿ ਇਸ ਲੜਾਈ ਵਿਚ ਜਖਮੀ ਹੋਏ ਅਧਿਆਪਕ ਵੀਰਦਵਿੰਦਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਨੇ ਵੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਿਕਾਇਤ ਕੀਤੀ ਹੈ, ਜਿਸਦੀ ਜਾਂਚ ਦਾ ਭਰੋਸਾ ਦਿੱਤਾ ਗਿਆ ਹੈ। ਸਿਵਲ ਹਸਪਤਾਲ ਵਿਚ ਦਾਖ਼ਲ ਵੀਰਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਬੱਚਿਆਂ ਨੂੰ ਮਿਡ ਡੇ ਮੀਲ ਸਕੀਮ ਤਹਿਤ ਖ਼ਾਣਾ ਖੁਵਾਉਣ ਲਈ ਸਕੂਲ ਦੇ ਵਰਾਂਡੇ ਵਿਚੋਂ ਬੱਚਿਆਂ ਨੂੰ ਲਿਜਾਇਆ ਜਾਣਾ ਸੀ ਤਾਂ ਸਕੂਲ ਵਿਚ ਹੀ ਤੈਨਾਤ ਅਧਿਆਪਕ ਜੁਗਦੀਪ ਸਿੰਘ ਤੇ ਉਸਦੀ ਪਤਨੀ ਜਸਪ੍ਰੀਤ ਕੌਰ ਨੇ ਮਨਾਂ ਕਰ ਦਿੱਤਾ ਜਦ ਉਸਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਸਕੂਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਬਲਕਿ ਸਰਕਾਰੀ ਹੈ ਤਾਂ ਗੁੱਸੇ ਵਿਚ ਆਏ ਜੁੱਗਦੀਪ ਸਿੰਘ ਤੇ ਉਸਦੀ ਪਤਨੀ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਜੁੱਗਦੀਪ ਨੇ ਉਥੇ ਪਿਆ ਵੱਡਾ ਪੱਥਰ ਉਸਦੇ ਸਿਰ ’ਤੇ ਮਾਰਿਆ, ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਉਸਨੇ ਦਾਅਵਾ ਕੀਤਾ ਕਿ ਉਕਤ ਅਧਿਆਪਕ ਦਾ ਰਵੱਈਆਂ ਹਮੇਸਾ ਹੀ ਹਮਲਾਵਾਰ ਵਾਲਾ ਰਹਿੰਦਾ ਹੈ ਤੇ ਪਹਿਲਾਂ ਵੀ ਉਹ ਵਿਵਾਦਾਂ ਵਿਚ ਰਹਿੰਦਾ ਹੈ ਜਦੋਂਕਿ ਦੂਜੇ ਪਾਸੇ ਜੁੱਗਦੀਪ ਨੇ ਦਾਅਵਾ ਕੀਤਾ ਕਿ ਇਹ ਮਸਲਾ ਹੱਲ ਹੋ ਗਿਆ ਹੈ। ਉਧਰ ਸਕੂਲ ਸਟਾਫ਼ ਵਲੋਂ ਸਕੂਲ ਵਿੱਚ ਹੋਈ ਲੜਾਈ ਬਾਰੇ ਉਚ ਅਧਿਅਕਾਰੀਆਂ ਨੂੰ ਸਿਕਾਇਤ ਕੀਤੀ ਹੈ, ਜਿਸ ਵਿਚ ਉਨ੍ਹਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦੀ ਮੰਗ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸਿਵਪਾਲ ਗੋਇਲ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜਦੋਂਕਿ ਥਾਣਾ ਸਿਵਲ ਲਾਈਨ ਦੇ ਮੁਖੀ ਸੁਖਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਕੁੱਝ ਸਮਾਂ ਪਹਿਲਾਂ ਜੁੱਗਦੀਪ ਵਿਰੁਧ ਇੱਕ ਮਹਿਲਾ ਅਧਿਆਪਕ ਨੇ ਵਟਸਅੇਪ ਮੈਸੇਜ਼ ਹੈਕ ਕਰਨ ਦੀ ਵੀ ਸਿਕਾਇਤ ਕੀਤੀ ਸੀ, ਜਿਸਦੀ ਕਾਫ਼ੀ ਚਰਚਾ ਹੋਈ ਸੀ।
ਸਮਾਜ ਨੂੰ ਸੇਧ ਦੇਣ ਵਾਲੇ ਅਧਿਆਪਕ ਸਕੂਲ ’ਚ ਹੋਏ ਛਿੱਤਰੋ-ਛਿੱਤਰੀ
11 Views