ਸੁਖਜਿੰਦਰ ਮਾਨ
ਬਠਿੰਡਾ, 9 ਨਵੰਬਰ:ਅੱਜ ਐਸ.ਐਸ.ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਵਿਖੇ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਡਾ. ਰਾਜੇਸ਼ ਸਿੰਗਲਾ ਦੀ ਸਰਪ੍ਰਸਤੀ ਹੇਠ ‘ਸਮਾਜ ਸੁਧਾਰ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਾਰ’ ਵਿਸ਼ੇ ਤਹਿਤ ਇੱਕ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਪੰਜਾਬ ਹਿਤੈਸ਼ੀ ਸੱਥ ਵੱਲੋਂ ਰੱਖਿਆ ਗਿਆ ਜਿਸ ਵਿੱਚ ਮੁੱਖ ਵਕਤਾ ਦੇ ਤੌਰ ਤੇ ਇੰਜ. ਦਰਸ਼ਨ ਸਿੰਘ ਭੁੱਲਰ ਰਿਟਾ. ਡਿਪਟੀ ਚੀਫ਼ ਇੰਜ. ਲਹਿਰਾ ਥਰਮਲ ਪਲਾਂਟ ਨੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵੱਖ-ਵੱਖ ਪਹਿਲੂਆਂ ਤੇ ਰੌਸ਼ਨੀ ਪਾਈ। ਉਹਨਾਂ ਨੇ ਦੱਸਿਆ ਕਿ ਕਿਵੇਂ ਸਮੇਂ ਦੇ ਨਾਲ-ਨਾਲ ਵਿਦਿਆਰਥੀਆਂ ਦੇ ਜੀਵਨ ਵਿੱਚ ਸਮਾਜਿਕ ਕਦਰਾਂ-ਕੀਮਤਾਂ ਦੀ ਘਾਟ ਆ ਰਹੀ ਹੈ ਉਹਨਾਂ ਦੱਸਿਆ ਕਿ ਪਹਿਲਾਂ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹੋਏ ਬੱਚੇ ਆਪਣੇ ਬਜੁਰਗਾਂ ਪਾਸੋਂ ਕਿੱਸੇ-ਕਹਾਣੀਆਂ ਰਾਹੀਂ ਅਤੇ ਧਾਰਮਿਕ ਗਤੀਵਿਧੀਆਂ ਰਾਹੀਂ ਚੰਗੇ ਸੰਸਕਾਰ ਗ੍ਰਹਿਣ ਕਰਦੇ ਸਨ ਜੋ ਉਹਨਾਂ ਨੂੰ ਜਿੰਦਗੀ ਵਿੱਚ ਵੱਖ-ਵੱਖ ਸਮੇਂ ਦੌਰਾਨ ਦਰਪੇਸ਼ ਹੋਈਆਂ ਮੁਸ਼ਕਿਲਾਂ ਨਾਲ ਨਜਿੱਠਣ ਵਿੱਚ ਸਹਾਈ ਹੁੰਦੇ ਸਨ। ਅਧਿਆਪਕਾਂ ਲਈ ਬੋਲਦਿਆਂ ਉਹਨਾਂ ਕਿਹਾ ਕਿ ਕਿਵੇਂ ਅੱਜ ਦੇ ਯੁੱਗ ਵਿੱਚ ਅਧਿਆਪਕਾਂ ਦੀ ਕਦਰ ਘਟ ਰਹੀ ਹੈ ਜਿਸਦਾ ਕਾਰਨ ਵਿਦਿਆਰਥੀ ਅਤੇ ਮਾਪੇ ਹਨ ਜੋ ਇਹ ਭੁੱਲ ਜਾਂਦੇ ਹਨ ਕਿ ਕਿਸੇ ਵੀ ਇਨਸਾਨ ਦੀ ਸ਼ਖਸ਼ੀਅਤ ਨੂੰ ਨਿਖਾਰਨ ਅਤੇ ਜਿੰਦਗੀ ਵਿੱਚ ਕਾਮਯਾਬ ਹੋਣ ਵਿੱਚ ਅਧਿਆਪਕ ਵਿਸ਼ੇਸ਼ ਰੋਲ ਅਦਾ ਕਰਦੇ ਹਨ। ਇਸ ਲਈ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਇਸ ਉਪਰੰਤ ਰਿਟਾ. ਚੀਫ਼ ਇੰਜ. ਕੇ.ਐਸ. ਮਾਨ ਨੇ ਆਪਣੇ ਸ਼ਬਦਾਂ ਵਿੱਚ ਬੋਲਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਕਦਰਾਂ-ਕੀਮਤਾਂ ਦੀ ਸਮਝ ਹੋਣੀ ਚਾਹੀਦੀ ਹੈ ਅਤੇ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਕਿਤਾਬਾਂ ਰਾਹੀਂ ਗਿਆਨ ਪ੍ਰਾਪਤ ਕਰਕੇ ਸਵੈ-ਰੋਜ਼ਗਾਰ ਨੂੰ ਅਪਨਾਉਣਾ ਚਾਹੀਦਾ ਹੈ ਕਿਉਕਿ ਹਰ ਵਿਅਕਤੀ ਨੂੰ ਸਰਕਾਰੀ ਨੌਕਰੀ ਨਹੀ ਮਿਲ ਸਕਦੀ ਅਤੇ ਕਿਵੇਂ ਹੱਥੀ ਹੁਨਰ ਦੀ ਮਦਦ ਨਾਲ ਜਿੰਦਗੀ ਵਿੱਚ ਇੱਕ ਕਾਮਯਾਬ ਵਿਅਕਤੀ ਬਣਿਆ ਜਾ ਸਕਦਾ ਹੈ। ਇਸਤੋਂ ਬਾਅਦ ਕਾਲਜ ਦੇ ਪ੍ਰਧਾਨ ਰਿਟਾ. ਚੀਫ਼ ਇੰਜ. ਬੀ.ਕੇ ਜਿੰਦਲ ਨੇ ਕਿਹਾ ਕਿ ਸਾਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ ਅਤੇ ਆਪਣੀ ਸ਼ਖਸ਼ੀਅਤ ਨੂੰ ਨਿਖਾਰਨਾ ਚਾਹੀਦਾ ਹੈ।ਅੰਤ ਵਿੱਚ ਕਾਲਜ ਪ੍ਰਿੰਸੀਪਲ ਅਤੇ ਰੈੱਡ ਰਿਬਨ ਕਲੱਬ ਦੇ ਕੋਆਰਡੀਨੇਟਰ ਡਾ. ਰਾਜੇਸ਼ ਸਿੰਗਲਾਂ ਨੇ ਆਪਣੇ ਸ਼ਬਦਾਂ ਵਿੱਚ ਬੋਲਦਿਆਂ ਕਿਹਾ ਕਿ ਸਮਾਜਿਕ,ਧਾਰਮਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਸਾਡੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ, ਇਸ ਲਈ ਸਾਨੂੰ ਇਹਨਾ ਨੂੰ ਗ੍ਰਹਿਣ ਕਰਕੇ ਇੱਕ ਚੰਗੇ ਇਨਸਾਨ ਵੱਜੋਂ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ ਕਿਉਕਿ ਇੱਕ ਚੰਗਾ ਇਨਸਾਨ ਹੀ ਇੱਕ ਚੰਗੇ ਸਮਾਜ ਦੀ ਸਿਰਜਨਾ ਕਰ ਸਕਦਾ ਹੈ। ਇਸ ਉਪਰੰਤ ਕਾਲਜ ਵੱਲੋ ਆਏ ਹੋਏ ਪਤਵੰਤੇ ਸੱਜਣਾ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਵਕਤਾ ਇੰਜ. ਦਰਸ਼ਨ ਸਿੰਘ ਭੁੱਲਰ ਅਤੇ ਪੰਜਾਬ ਹਿਤੈਸ਼ੀ ਸੱਥ ਦੇ ਮੈਂਬਰ ਇੰਜ. ਕੇ.ਐਸ. ਮਾਨ ਅਤੇ ਗੁਰਸੇਵਕ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Share the post "‘ਸਮਾਜ ਸੁਧਾਰ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਾਰ’ ਵਿਸ਼ੇ ’ਤੇ ਲੈਕਚਰ ਕਰਵਾਇਆ"