ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ’ਤੇ ਅੰਮ੍ਰਿਤਸਰ ਪੁਲਿਸ ਨੇ ‘ਯਾਰੀਆਂ 2’ ਫਿਲਮ ਦੇ ਅਦਾਕਾਰ ਡਾਇਰੈਕਟਰ ਅਤੇ ਪ੍ਰੋਡਿਊਸਰ ਖਿਲਾਫ਼ ਐਫਆਈਆਰ ਦਰਜ ਕਰ ਲਈ ਹੈੈ। ਇਥੇ ਪੁਲਿਸ ਥਾਣਾ ਈ-ਡਵੀਜ਼ਨ ਵਿਚ ਆਈਪੀਸੀ ਦੀ ਧਾਰਾ 295-ਏ ਤਹਿਤ ਦਰਜ ਕੀਤੀ ਗਈ ਇਸ ਐਫਆਈਆਰ ਵਿਚ ਫਿਲਮ ਅਦਾਕਾਰ ਨਿਜ਼ਾਨ ਜ਼ਾਫ਼ਰੀ, ਡਾਇਰੈਕਟਰ ਵਿਨੈ ਸਪਰੂ, ਰਾਧਿਕਾ ਰਾਓ ਅਤੇ ਪ੍ਰੋਡਿਊਸਰ ਭੂਸ਼ਨ ਕੁਮਾਰ ਦੇ ਨਾਮ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ‘ਯਾਰੀਆਂ 2’ ਫਿਲਮ ਵਿਚ ਗੈਰ ਸਿੱਖ ਅਦਾਕਾਰ ਨੂੰ ਗਾਤਰਾ ਕਿਰਪਾਨ ਪਹਿਨਾ ਕੇ ਸਿੱਖ ਸਿਧਾਂਤ, ਮਰਯਾਦਾ ਅਤੇ ਰਹਿਣੀ ਦੇ ਕੀਤੇ ਨਿਰਾਦਰ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਮੰਗੀ ਸੀ।
ਟਰਾਂਸਪੋਰਟਰਾਂ ਨੇ ਖੋਲਿਆ ਆਰਟੀਏ ਵਿਰੁੱਧ ਮੋਰਚਾ, ਵਫ਼ਦ ਮਿਲਿਆ ਡੀਸੀ ਨੂੰ
ਇਸ ’ਤੇ ਪੁਲਿਸ ਵੱਲੋਂ ਥਾਣਾ ਈ ਡਵੀਜ਼ਨ ਵਿਖੇ ਧਾਰਾ 295 ਏ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਫਿਲਮਾਂ ਅੰਦਰ ਸਿੱਖ ਮਰਯਾਦਾ, ਪਰੰਪਰਾ ਅਤੇ ਜੀਵਨਸ਼ੈਲੀ ਦੀ ਤੌਹੀਨ ਕਰਨ ਵਾਲੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਭਾਵੇਂ ਫਿਲਮ ਨਿਰਮਾਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਸ ਹਰਕਤ ਲਈ ਮੁਆਫੀ ਮੰਗੀ ਹੈ ਪਰੰਤੂ ਗੀਤ ਵਿਚੋਂ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਸੀਨ ਨੂੰ ਸਹੀ ਤਰੀਕੇ ਨਾਲ ਹਟਾਇਆ ਨਹੀਂ ਗਿਆ। ਗੀਤ ਯੂਟਿਊਬ ’ਤੇ ਅਜੇ ਵੀ ਮੌਜੂਦ ਹੈ, ਜਿਸ ਵਿਚੋਂ ਕੇਵਲ ਕਿਰਪਾਨ ਨੂੰ ਧੁੰਦਲਾ ਕੀਤਾ ਗਿਆ ਹੈ ਪਰੰਤੂ ਗਾਤਰਾ ਉਸੇ ਤਰ੍ਹਾਂ ਹੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਸ਼ੈਤਾਨੀ ਨੂੰ ਮਾਫ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਤਰ੍ਹਾਂ ਨਾਲ ਯਤਨ ਕਰੇਗੀ ਕਿ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।
Share the post "ਸ਼੍ਰੋਮਣੀ ਕਮੇਟੀ ਦੀ ਸ਼ਿਕਾਇਤ ’ਤੇ ਯਾਰੀਆਂ-2 ਫਿਲਮ ਵਿਰੁੱਧ ਧਾਰਾ 295-ਏ ਤਹਿਤ ਐਫਆਈਆਰ ਦਰਜ"