ਮਾਨਸਾ ਦੀ ਬਜ਼ਾਏ ਮੋੜ ਹਲਕੇ ਤੋਂ ਚੋਣ ਲੜਣਾ ਚਾਹੁੰਦੇ ਸਨ ਜਗਦੀਪ ਨਕਈ
ਕਾਂਗਰਸ ਵਲੋਂ ਅਪਣੇ ਪਾਲੇ ’ਚ ਲਿਆਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 14 ਸਤੰਬਰ -ਲਗਾਤਾਰ ਦੋ ਵਾਰ ਮੋੜ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਜਿੱਤ ਕੇ ਵਿਧਾਇਕ ਬਣਨ ਵਾਲੇ ਸਾਬਕਾ ਮੁੱਖ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਦੇ ਇਸ ਵਾਰ ਮਾਨਸਾ ਹਲਕੇ ਤੋਂ ਪਿੱਛੇ ਹਟਣਾ ‘ਚਰਚਾ’ ਦਾ ਵਿਸ਼ਾ ਬਣਿਆ ਹੋਇਆ ਹੈ। ਸੂਤਰਾਂ ਦੇ ਮੁਤਾਬਕ ਮਾਨਸਾ ਦੀ ਬਜਾਏ ਮੋੜ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਰਹੇ ਸ਼੍ਰੀ ਨਕਈ ਨੇ ਕਰੀਬ ਦੋ ਮਹੀਨੇ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੂੰ ਅਪਣੇ ਮਨਸੂਬੇ ਤੋਂ ਜਾਣੂ ਕਰਵਾ ਦਿੱਤਾ ਸੀ, ਜਿਸਦੇ ਚੱਲਦੇ ਪਾਰਟੀ ਵਲੋਂ ਅੱਜ ਐਲਾਨੀ ਲਿਸਟ ਵਿਚ ਉਨ੍ਹਾਂ ਦੀ ਥਾਂ ਪ੍ਰੇਮ ਕੁਮਾਰ ਅਰੋੜਾ ’ਤੇ ਦਾਅ ਖੇਡਿਆ ਹੈ। ਉਧਰ ਸਿਆਸੀ ਹਲਕਿਆਂ ’ਚ ਚੱਲ ਰਹੀ ਘੁਸਰ-ਮੁਸਰ ਮੁਤਾਬਕ ਅਕਾਲੀ ਦਲ ’ਚ ਇਮਾਨਦਾਰ ਛਵੀ ਵਾਲੇ ਮੰਨੇ ਜਾਂਦੇ ਇਸ ਸਾਬਕਾ ਵਿਧਾਇਕ ’ਤੇ ਕਾਂਗਰਸ ਡੋਰੇ ਪਾ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਆਗੂ ਨਾਲ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਪ੍ਰਵਾਰਕ ਸਬੰਧ ਹਨ ਤੇ ਉਹ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਪਾਰਟੀ ਵਿਚ ਆਉਣ ਲਈ ਮਨਾ ਰਹੇ ਹਨ ਪ੍ਰੰਤੂ ਸੁਖਬੀਰ ਸਿੰਘ ਬਾਦਲ ਦੇ ‘ਜਮਾਤੀ’ ਰਹੇ ਜਗਦੀਪ ਸਿੰਘ ਨਕਈ ਨੇ ਹਾਲ ਦੀ ਘੜੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਦਾ ਕੋਈ ਮਨ ਨਹੀਂ ਬਣਾਇਆ ਹੈ। ਕਾਂਗਰਸ ਪਾਰਟੀ ਦੇ ਇਕ ਆਗੂ ਨੇ ਅਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਜਗਦੇਵ ਸਿੰਘ ਕਮਾਲੂ ਦੇ ਪਾਰਟੀ ਵਿਚ ਸਮੂਲੀਅਤ ਕਰਨ ਤੋਂ ਪਹਿਲਾਂ ਵੀ ਸਾਬਕਾ ਵਿਧਾਇਕ ਨੂੰ ਆਫ਼ਰ ਕੀਤੀ ਗਈ ਸੀ ਪ੍ਰੰਤੂ ਉਨ੍ਹਾਂ ਸਵੀਕਾਰ ਨਹੀਂ ਕੀਤੀ। ’’ ਪੰਜਾਬ ਕਾਂਗਰਸ ਵਿਚ ਵੱਡਾ ਕੱਦ ਰੱਖਣ ਵਾਲੇ ਇਸ ਆਗੂ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਜੇਕਰ ਸ: ਨਕਈ ਅੱਜ ਵੀ ਫੈਸਲਾ ਲੈੈਦੇ ਹਨ ਤਾਂ ਵੀ ਪਾਰਟੀ ਵੀ ਵੱਡਾ ਫੈਸਲਾ ਲੈ ਸਕਦੀ ਹੈ। ਇੱਥੇ ਦਸਣਾ ਬਣਦਾ ਹੈ ਕਿ ਸਾਲ 2002 ਅਤੇ 2007 ਦੀਆਂ ਵਿਧਾਨ ਸਭਾ ਚੋਣਾਂ ’ਚ ਜੋਗਾ ਹਲਕੇ ਤੋਂ ਲਗਾਤਾਰ ਜਿੱਤ ਪ੍ਰਾਪਤ ਕਰਨ ਵਾਲੇ ਜਗਦੀਪ ਸਿੰਘ ਨਕਈ ਨੂੰ ਅਕਾਲੀ ਦਲ ਨੇ 2008 ਵਿਚ ਨਵੇਂ ਬਣੇ ਹਲਕਾ ਮੋੜ ਦਾ ਇੰਚਰਾਜ਼ ਲਗਾਇਆ ਸੀ। ਜਿਸਤੋਂ ਬਾਅਦ 2009 ਦੀਆਂ ਲੋਕ ਸਭਾ ਚੋਣਾਂ ਰਾਹੀ ਸਿਆਸਤ ਵਿਚ ਆਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਹਲਕੇ ਤੋਂ ਰਿਕਾਕਡ ਤੋੜ 16000 ਵੋਟਾਂ ਨਾਲ ਲੀਡ ਪ੍ਰਾਪਤ ਕੀਤੀ ਸੀ। ਸਾਲ 2012 ਵਿਚ ਨਕਈ ਨੇ ਅਪਣੀ ਇੱਛਾ ਨਾਲ ਵਿਧਾਨ ਸਭਾ ਚੋਣਾਂ ਲੜਣ ਤੋਂ ਨਾਂਹ ਕਰ ਦਿੱਤੀ ਸੀ ਜਿਸਦੇ ਚੱਲਦੇ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਇੱਥੋਂ ਉਮੀਦਵਾਰ ਬਣਾਇਆ ਸੀ ਤੇ ਉਨ੍ਹਾਂ ਜਿੱਤ ਪ੍ਰਾਪਤ ਕੀਤੀ ਸੀ। ਸਾਲ 2017 ਦੀਆਂ ਚੋਣਾਂ ਦੌਰਾਨ ਪਾਰਟੀ ਨੇ ਜਗਦੀਪ ਸਿੰਘ ਨਕਈ ਨੂੰ ਮਾਨਸਾ ਭੇਜ ਦਿੱਤਾ ਸੀ,ਜਿੱਥੇ ਉਹ ਚੋਣ ਹਾਰ ਗਏ ਸਨ। ਬੇਸ਼ੱਕ ਉਹ ਪਿਛਲੇ ਪੰਜ ਸਾਲਾਂ ਤੋਂ ਮਾਨਸਾ ਹਲਕੇ ਵਿਚ ਵੀ ਵਿਚਰ ਰਹੇ ਸਨ ਪ੍ਰੰਤੂ ਉਨ੍ਹਾਂ ਦਾ ‘ਦਿਲ’ ਹਾਲੇ ਵੀ ਮੋੜ ਹਲਕੇ ਦੇ ਲੋਕਾਂ ਨਾਲ ਹੀ ਜੁੜਿਆ ਹੋਇਆ ਸੀ। ਸੂਤਰਾਂ ਮੁਤਾਬਕ ਅਪਣੇ ਦਿਲ ਦੀ ਗੱਲ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਵੀ ਰੱਖੀ ਸੀ ਪ੍ਰੰਤੂ ਉਨ੍ਹਾਂ ਇੱਥੋਂ ਜਗਮੀਤ ਸਿੰੰਘ ਬਰਾੜ ਨੂੰ ਉਮੀਦਵਾਰ ਬਣਾਉਣ ਦੀ ਮਜਬੂਰੀ ਜ਼ਾਹਰ ਕੀਤੀ ਸੀ, ਜਿਸਤੋਂ ਬਾਅਦ ਨਕਈ ਨੇ ਮਾਨਸਾ ਨੇ ਚੋਣ ਲੜਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ। ਚਰਚਾ ਮੁਤਾਬਕ ਜਨਮੇਜਾ ਸਿੰਘ ਸੇਖੋ ਨੇ ਇਸ ਹਲਕੇ ਨੂੰ ਛੱਡਣ ਤੋਂ ਪਹਿਲਾਂ ਸਤਰੰਜ਼ ਦੀ ਚਾਲ ਚੱਲਦਿਆਂ ਨਾ ਸਿਰਫ਼ ਨਕਈ ਦੀ ਮੋੜ ਹਲਕੇ ’ਤੇ ਘਰ ਵਾਪਸੀ ਦੀ ਸੰਭਾਵਨਾ ਖ਼ਤਮ ਕਰ ਦਿੱਤੀ, ਬਲਕਿ ਖੁਦ ਨੂੰ ਤੇਜ਼ਤਰਾਰ ਮੰਨਣ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਵੀ ਉਪਰ ਚੜਾ ਕੇ ਹੇਠਾਂ ਤੋਂ ਪੋੜੀ ਖਿੱਚ ਦਿੱਤੀ। ਜਿਸ ਕਾਰਨ ਮਲੂਕਾ ਨੇ ਪਾਰਟੀ ਪ੍ਰਧਾਨ ਨਾਲ ਵੀ ਨਰਾਜ਼ਗੀ ਜ਼ਾਹਰ ਕੀਤੀ ਸੀ।