ਸਰਾਜ ਮਿੰਟੂ ਤੇ ਮਨਪ੍ਰੀਤ ਮੰਨਾ ਜੇਲ੍ਹ ਵਿਚੋਂ ਲਿਆਂਦੇ ਪ੍ਰੋਡਕਸ਼ਨ ਵਰੰਟ ’ਤੇ
ਲਾਰੇਂਸ ਬਿਸਨੋਈ ਨੂੰ ਵੀ ਜਲਦ ਦਿੱਲੀਓ ਪੁਛਗਿਛ ਲਈ ਲਿਆਏਗੀ ਮਾਨਸਾ ਪੁਲਿਸ
ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਲੰਘੀ 29 ਮਈ ਦੀ ਸ਼ਾਮ ਨੂੰ ਹੋਏ ਕਤਲ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੋਸ਼ੀਆਂ ਦੇ ਨੇੜੇ-ਤੇੜੇ ਪੁੱਜ ਗਈ ਹੈ। ਪੁਲਿਸ ਵਿਭਾਗ ਦੇ ਉਚ ਸੂਤਰਾਂ ਮੁਤਾਬਕ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰ ਸਰਾਜ ਮਿੰਟੂ ਅਤੇ ਫ਼ਿਰੋਜਪੁਰ ਜੇਲ੍ਹ ’ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਮਾਨਸਾ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਲਾਰੇਂਸ ਬਿਸਨੋਈ, ਜਿਸਨੂੰ ਹੁਣ ਦਿੱਲੀ ਪੁਲਿਸ ਨੇ ਇਸ ਕੇਸ ’ਚ ਪੁਛਗਿਛ ਲਈ ਬਾਹਰ ਲਿਆਂਦਾ ਹੋਇਆ ਹੈ, ਨੂੰ ਵੀ ਮਾਨਸਾ ਪੁਲਿਸ ਜਲਦ ਹੀ ਲੈਣ ਜਾਵੇਗੀ। ਹਾਲਾਂਕਿ ਅਧਿਕਾਰਤ ਤੌਰ ’ਤੇ ਮਾਨਸਾ ਪੁਲਿਸ ਨੇ ਇਸ ਕਤਲ ਕੇਸ ’ਚ 72 ਘੰਟੇ ਬੀਤਣ ਦੇ ਬਾਵਜੂਦ ਹਾਲੇ ਤੱਕ ਸਿਰਫ਼ ਇੱਕ ਨੌਜਵਾਨ ਮਨਪ੍ਰੀਤ ਉਰਫ਼ ਭਾਓ ਦੀ ਗਿ੍ਰਫਤਾਰੀ ਪਾਈ ਹੈ ਪ੍ਰੰਤੂ ਪੁਲਿਸ ਵਿਭਾਗ ਦੇ ਉਚ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ‘‘ ਜਾਂਚ ਅਧਿਕਾਰੀ ਕੇਸ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਏ ਹਨ, ਉਨ੍ਹਾਂ ਦਾਅਵਾ ਕੀਤਾ ਕਿ ਕਾਤਲਾਂ ਨੂੰ ਗੱਡੀਆਂ ਤੇ ਹਥਿਆਰ ਮੁਹੱਈਆਂ ਕਰਵਾਉਣ ਵਾਲਿਆਂ ਦਾ ਪਤਾ ਲੱਗ ਗਿਆ ਹੈ ਤੇ ਹੁਣ ਕਾਤਲਾਂ ਦੀ ਪੈੜ੍ਹ ਨੱਪੀ ਜਾ ਰਹੀ ਹੈ। ’’ ਗੌਰਤਲਬ ਹੈ ਕਿ ਕਤਲ ਦੇ ਅੱਧੇ ਘੰਟੇ ਬਾਅਦ ਹੀ ਲਾਰੇਂਸ ਬਿਸਨੋਈ ਗਰੁੱਪ ਦੇ ਗੋਲਡੀ ਬਰਾੜ ਨੇ ਫ਼ੇਸਬੁੂੱਕ ’ਤੇ ਪੋਸਟ ਪਾ ਕੇ ਜਿੰਮੇਵਾਰੀ ਲਈ ਸੀ। ਉਸਤੋਂ ਬਾਅਦ ਕੀਤੀ ਪੜਤਾਲ ਦੌਰਾਨ ਵੀ ਪੁਲਿਸ ਅਧਿਕਾਰੀਆਂ ਨੂੰ ਕਾਤਲਾਂ ਦੀ ਪੈੜ੍ਹ ਵੀ ਇਸ ਗਰੁੱਪ ਵੱਲ ਜਾਂਦੀ ਦਿਖ਼ਾਈ ਦੇ ਰਹੀ ਹੈ। ਜਿਸਦੇ ਚੱਲਦੇ ਹੀ ਇਸ ਗਰੁੱਪ ਦੇ ਸਰਾਜ ਮਿੰਟੂ ਅਤੇ ਮਨਪ੍ਰੀਤ ਮੰਨਾ ਨੂੰ ਚੁੱਕਿਆ ਗਿਆ ਹੈ। ਮਿੰਟੂ ਨੇ 2017 ਵਿਚ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦਾ ਅੰਮਿ੍ਰਤਸਰ ਵਿੱਚ ਕਤਲ ਕੀਤਾ ਸੀ ਤੇ ਮਨਪ੍ਰੀਤ ਮੰਨਾ ਨੇ 7 ਜੁਲਾਈ 2021 ਨੂੰ ਗੈਂਗਸਟਰ ਕੁਲਵੀਰ ਨਰੂਆਣਾ ਨੂੰ ਉਸਦੇ ਘਰ ਵਿਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਮੌਜੂਦਾ ਸਮੇਂ ਸਰਾਜ ਮਿੰਟੂ ਬਠਿੰਡਾ ਅਤੇ ਮੰਨਾ ਫ਼ਿਰੋਜਪੁਰ ਜੇਲ੍ਹ ਵਿਚ ਬੰਦ ਸੀ। ਉਧਰ ਮਾਨਸਾ ਦੇ ਐਸ.ਐਸ.ਪੀ ਗੌਰਵ ਤੂਰਾ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਪੁਲਿਸ ਪੁਛਗਿਛ ਲਈ ਲਾਰੇਂਸ ਬਿਸਨੋਈ ਨੂੰ ਦਿੱਲੀ ਤੋਂ ਪ੍ਰੋਡਕਸਨ ਵਰੰਟ ’ਤੇ ਮਾਨਸਾ ਲੈ ਕੇ ਆਵੇਗੀ। ਉਧਰ ਬਿਸ਼ਨੋਈ ਨੇ ਪੰਜਾਬ ਪੁੁਲਿਸ ’ਤੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦਾ ਖ਼ਦਸਾ ਪ੍ਰਗਟ ਕਰਦਿਆਂ ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਪਾਉਣ ਦੀ ਤਿਆਰੀ ਕਰ ਲਈ ਹੈ। ਹਾਲਾਂਕਿ ਇਸਤੋਂ ਪਹਿਲਾਂ ਇਸ ਪਿਟੀਸ਼ਨ ਨੂੰ ਦਿੱਲੀ ਕੋਰਟ ਨੇ ਖ਼ਾਰਜ਼ ਕਰ ਦਿੱਤਾ ਸੀ।
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋਵੇਗੀ 8 ਜੂਨ ਨੂੰ, ਅਸਥੀਆਂ ਕੀਰਤਪੁਰ ਸਾਹਿਬ ਕੀਤੀਆਂ ਜਲ੍ਹ ਪ੍ਰਵਾਹ
ਬਠਿੰਡਾ: ਉਧਰ ਬੀਤੇ ਕੱਲ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਅੱਜ ਪ੍ਰਵਾਰ ਵਲੋਂ ਨੌਜਵਾਨ ਪੁੱਤਰ ਦੀਆਂ ਅਸਥੀਆਂ ਚੁਗੀਆਂ ਗਈਆਂ। ਇਸ ਮੌਕੇ ਪ੍ਰਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਚਾਹੁਣ ਵਾਲੇ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਬਾਅਦ ਵਿਚ ਨਵੀਂ ਬਣਾਈ ਹਵੇਲੀ ਵਿਚ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਕਰਵਾਏ ਗਏ, ਜਿਸਦੇ ਚੱਲਦੇ ਹੁਣ ਸਿੱਧੂ ਨਮਿਤ ਅੰਤਿਮ ਅਰਦਾਸ 8 ਜੂਨ ਨੂੰ ਹੋਵੇਗੀ। ਇਸਤੋਂ ਬਾਅਦ ਪ੍ਰਵਾਰ ਵਲੋਂ ਅਪਣੇ ਪੁੱਤਰ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਅਸਥਾਨ ‘ਤੇ ਵਿਸਰਜਿਤ ਕੀਤੀਆਂ ਗਈਆਂ। ਇਸ ਮੌਕੇ ਵੀ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਉਥੇ ਪੁੱਜੇ ਹੋਏ ਸਨ। ਦਸਣਾ ਬਣਦਾ ਹੈ ਕਿ 11 ਜੂਨ ਨੂੰ 29 ਸਾਲਾਂ ਦੇ ਹੋਣ ਵਾਲੇ ਇਸ ਪ੍ਰਸਿੱਧ ਪੰਜਾਬੀ ਗਾਇਕ ਦਾ ਅੰਤਿਮ ਸੰਸਕਾਰ ਮੌਕੇ ਬੀਤੇ ਕੱਲ ਪਿੰਡ ਮੂਸਾ ’ਚ ਲੱਖਾਂ ਲੋਕਾ ਦਾ ਇਕੱਠ ਹੋਇਆ ਸੀ। ਮਾਪਿਆਂ ਨੇ ਅਪਣੇ ਨੌਜਵਾਨ ਪੁੱਤ ਦੀ ਅੰਤਿਮ ਯਾਤਰਾ ਮੌਕੇ ਉਸਦੇ ਸਿਰ ’ਤੇ ਸਿਹਰਾ ਸਜਾਇਆ ਗਿਆ, ਕਿਉਂਕਿ ਸਿੱਧੂ ਹਾਲੇ ਤੱਕ ਕੁਆਰਾ ਸੀ ਤੇ ਉਸਦਾ ਅਗਲੇ ਮਹੀਨੇ ਵਿਆਹ ਰੱਖਿਆ ਹੋਇਆ ਸੀ। ਇਸ ਦੌਰਾਨ ਸਿੱਧੂ ਦੇੇ ਚਹੇਤੇ 5911 ਟਰੈਕਟਰ ‘ਤੇ ਉਸਦੀ ਅੰਤਿਮ ਯਾਤਰਾ ਕੱਢੀ ਗਈ ਤੇ ਅਖ਼ੀਰ ਵਿਚ ਉਸਦੇ ਖੇਤਾਂ ਵਿਚ ਹੀ ਸੰਸਕਾਰ ਕੀਤਾ ਗਿਆ ਸੀ।