ਸਿੱਖਜ਼ ਫ਼ਾਰ ਜਸਟਿਸ ਦੇ ਪੋਸਟਰ ਲਗਾਉਣ ਤੋਂ ਮਨਾਂ ਕਰਨ ਵਾਲੇ ਹਿੰਦੂ ਆਗੂ ਦੀ ਕੀਤੀ ਸੀ ਕੁੱਟਮਾਰ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 1 ਮਾਰਚ : ਪਿਛਲੇ ਕੁੱਝ ਸਮੇਂ ਤੋਂ ਮਹਿਜ਼ ਸੁਰੱਖਿਆ ਹਾਸਲ ਕਰਨ ਲਈ ਝੂਠੀਆਂ ਧਮਕੀਆਂ ਦਾ ਸਹਾਰਾ ਲੈਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੇ ਇੱਕ ਡਰਾਮੇ ਦਾ ਬਠਿੰਡਾ ਪੁਲਿਸ ਨੇ ਵੀ ਪਰਦਾਫ਼ਾਸ ਕਰਦਿਆਂ ਹਿੰਦੂ ਮਹਾਂਸੰਗਠਨ ਦੇ ਤਿੰਨ ਆਗੂਆਂ ਵਿਰੁਧ ਇੱਕ ਹਿੰਦੂ ਆਗੂ ਦੀ ਹੀ ਸਿਕਾਇਤ ਉਪਰ ਪਰਚਾ ਦਰਜ਼ ਕੀਤਾ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਸ ਪਰਚੇ ਰਾਹੀ ਕਥਿਤ ਮੁਜ਼ਰਮ ਬਣਾਏ ਗਏ ਉਕਤ ਹਿੰਦੂ ਆਗੂਆਂ ਵਿਚੋਂ ਇੱਕ-ਦੋ ਨੂੰ ਪਹਿਲਾਂ ਹੀ ਪੰਜਾਬ ਪੁਲਿਸ ਨੇ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਸਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਕੁਮਾਰ ਜਿੰਦਲ ਨੇ ਹਿੰਦੂ ਮਹਾਂਸੰਗਠਨ ਦੇ ਆਗੂ ਸੰਦੀਪ ਪਾਠਕ, ਅਸਵਨੀ ਸੁਕਲਾ ਤੇ ਰਜਿੰਦਰ ਕਾਲੀਆ ਵਿਰੁਧ ਗੰਭੀਰ ਦੋਸ਼ ਲਗਾਏ ਹਨ। ਆਪਣੇ ਬਿਆਨਾਂ ਵਿਚ ਸੁਸੀਲ ਜਿੰਦਲ ਨੇ ਦਾਅਵਾ ਕੀਤਾ ਹੈ ਕਿ 24 ਫ਼ਰਵਰੀ ਨੂੰ ਉਸਨੂੰ ਹਿੰਦੂ ਮਹਾਂਸੰਗਠਨ ਦੇ ਆਗੂ ਸੰਦੀਪ ਪਾਠਕ ਨੇ ਅਪਣੇ ਚੰਦਸਰ ਬਸਤੀ ਸਥਿਤ ਦਫ਼ਤਰ ਵਿਚ ਬੁਲਾਇਆ ਸੀ, ਜਿੱਥੇ ਪਹਿਲਾਂ ਹੀ ਅਸਵਨੀ ਸ਼ੁਕਲਾ ਅਤੇ ਰਜਿੰਦਰ ਕਾਲੀਆ ਵੀ ਬੈਠੇ ਹੋਏ ਹਨ। ਜਦ ਉਹ ਉਥੇ ਪੁੱਜਿਆ ਤਾਂ ਰਸਮੀ ਗੱਲਬਾਤ ਤੋਂ ਬਾਅਦ ਉਸਨੂੰ ਸੰਦੀਪ ਪਾਠਕ ਨੇ ਅਪਣੇ ਘਰ ਦੇ ਨਜਦੀਕ ਵਿਦੇਸ਼ ’ਚ ਬੈਠੇ ਵੱਖਵਾਦੀ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ ਦੇ ਪੋਸਟਰ ਚਿਪਕਾਉਣ ਲਈ ਕਿਹਾ ਤਾਂ ਕਿ ਉਹ ਸੁਰਖੀਆਂ ਵਿਚ ਆ ਜਾਵੇਗਾ ਤੇ ਉਸਨੂੰ ਹੋਰ ਸੁਰੱਖਿਆ ਮਿਲ ਜਾਵੇਗੀ। ਸਿਕਾਇਤਕਰਤਾ ਦੇ ਦਾਅਵੇ ਮੁਤਾਬਕ ਉਸਨੇ ਇਹ ਕੰਮ ਕਰਨ ਤੋਂ ਇੰਨਕਾਰ ਕਰ ਦਿੱਤਾ। ਜਿਸਤੋਂ ਗੁੱਸੇ ਵਿਚ ਆੲੈ ਉਕਤ ਤਿੰਨਾਂ ਹਿੰਦੂ ਆਗੂਆਂ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸਦੇ ਗੰਨਮੈਂਨ ਨੇ ਕਾਫ਼ੀ ਜਦੋਜਹਿਦ ਤੋਂ ਬਾਅਦ ਉਕਤ ਆਗੂਆਂ ਦੀ ਚੁੰਗਲ ਵਿਚੋਂ ਕੱਢ ਕੇ ਉਸਨੂੰ ਘਰ ਪਹੁੰਚਾਇਆ। ਜਿਸਤੋਂ ਬਾਅਦ ਉਸਨੂੰ ਇਲਾਜ਼ ਲਈ ਸਿਵਲ ਹਸਪਤਾਲ ਦਾਖ਼ਲ ਹੋਣਾ ਪਿਆ। ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਸੰਦੀਪ ਪਾਠਕ, ਅਸਵਨੀ ਸ਼ੁਕਲਾ ਤੇ ਰਜਿੰਦਰ ਕਾਲੀਆਂ ਵਿਰੁਧ ਭਾਰਤੀ ਦੰਡ ਸੰਹਿਤਾ ਦੀ ਧਾਰਾ 342,323, 506 ਅਤੇ 34 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਪਤਾ ਚੱਲਿਆ ਹੈ ਕਿ ਵਿਵਾਦਪੂਰਨ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਦੇਣ ਵਾਲੇ ਸੰਦੀਪ ਪਾਠਕ ਨੂੰ ਪੰਜਾਬ ਪੁਲਿਸ ਨੇ ਪਹਿਲਾਂ ਹੀ ਗੰਨਮੈਂਨ ਮੁਹੱਈਆਂ ਕਰਵਾਏ ਹੋਏ ਹਨ।
Share the post "ਸੁਰਖੀਆਂ ’ਚ ਰਹਿਣ ਵਾਲੇ ਹਿੰਦੂ ਮਹਾਂਸੰਗਠਨ ਦੇ ਸੰਦੀਪ ਪਾਠਕ ਸਹਿਤ ਤਿੰਨ ਆਗੂਆਂ ਵਿਰੁਧ ਪਰਚਾ ਦਰਜ਼"