ਪਿਛਲੇ 3 ਸਾਲਾਂ ਤੋਂ ਸੀ ਪ੍ਰਵਾਰ ਦੇ ਸੰਪਰਕ ’ਚ, 2017 ਵਿਚ ਕੀਤੀ ਹੈ ਡਾਕਟਰੀ ਦੀ ਪੜਾਈ ਪੂਰੀ
ਵਿਆਹ ਪਿੱਛੇ ਭਗਵੰਤ ਮਾਨ ਦੀ ਭੈਣ ਤੇ ਮਾਤਾ ਦਾ ਹੈ ਵੱਡਾ ਯੋਗਦਾਨ
ਭਗਵੰਤ ਮਾਨ ਪਹਿਲੇ ਮੁੱਖ ਮੰਤਰੀ ਹਨ, ਜਿੰਨ੍ਹਾਂ ਦਾ ਬਤੌਰ ਮੁੱਖ ਮੰਤਰੀ ਕਾਰਜ਼ਕਾਲ ’ਚ ਹੋ ਰਿਹਾ ਵਿਆਹ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਹਿਤ ਵਿਰੋਧੀਆਂ ਤੇ ਮੰਤਰੀਆਂ ਨੇ ਦਿੱਤੀਆਂ ਵਧਾਈਆਂ
ਸੁਖਜਿੰਦਰ ਮਾਨ
ਚੰਡੀਗੜ੍ਹ, 6 ਜੁਲਾਈ: ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਮਸਫ਼ਰ ਬਣਨ ਜਾ ਰਹੀ ਡਾ. ਗੁਰਪ੍ਰੀਤ ਕੌਰ ਦਾ ਪਿਛੋਕੜ ਹਰਿਆਣਾ ਦੇ ਕੁਰੂਕਸ਼ੇਤਰ ਨਜਦੀਕ ਪਿਹੋਵਾ ਦਾ ਹੈ, ਜਿਹੜੀ ਹੁਣ ਚੰਡੀਗੜ੍ਹ ਨੇੜਲੇ ਇੱਕ ਕਸਬੇ ਵਿਚ ਪ੍ਰਵਾਰ ਨਾਲ ਰਹਿ ਰਹੀ ਹੈ। ਪਿਛਲੇ ਕਰੀਬ ਤਿੰਨ ਸਾਲਾਂ ਤੋਂ ਭਗਵੰਤ ਮਾਨ ਅਤੇ ਉਸਦੇ ਪ੍ਰਵਾਰ ਦੇ ਸੰਪਰਕ ਵਿਚ ਚੱਲੀ ਆ ਰਹੀ ਡਾ ਗੁਰਪ੍ਰੀਤ ਕੌਰ ਦੇ ਬਾਰੇ ਪਤਾ ਚੱਲਿਆ ਹੈ ਕਿ ਉਹ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਵਿਸ਼ੇਸ ਤੌਰ ’ਤੇ ਸ਼ਾਮਲ ਹੋਈ ਸੀ। ਵੱਡੀ ਗੱਲ ਇਹ ਵੀ ਹੈ ਕਿ ਅਜਾਦ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਅਪਣੇ ਕਾਰਜ਼ਕਾਲ ਦੌਰਾਨ ਵਿਆਹ ਵਾਲੀ ਘੋੜੀ ਚੜ੍ਹ ਰਿਹਾ ਹੋਵੇ। ਹਾਲਾਂਕਿ ਉਨ੍ਹਾਂ ਦਾ ਇਹ ਦੂਜਾ ਵਿਆਹ ਹੈ ਤੇ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ। ਉਧਰ ਮੁੱਖ ਮੰਤਰੀ ਦੀ ਹਮਸਫ਼ਰ ਬਣਨ ਜਾ ਰਹੀ ਡਾ ਗੁਰਪ੍ਰੀਤ ਕੌਰ ਨੇ 2017 ਵਿਚ ਅੰਬਾਲਾ ਦੇ ਮੌਲਾਨਾ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜਾਈ ਪੂਰੀ ਕੀਤੀ ਹੈ ਤੇ ਉਹ ਤਿੰਨ ਭੈਣਾਂ ਹਨ, ਜਿੰਨ੍ਹਾਂ ਵਿਚ ਇੱਕ ਅਮਰੀਕਾ ਤੇ ਇੱਕ ਆਸਟਰੇਲੀਆ ਵਿਚ ਰਹਿ ਰਹੀ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਣ ਵਾਲੇ ਸਹੁਰਾ ਸਾਹਿਬ ਕਿਸੇ ਸਮੇਂ ਅਪਣੇ ਪਿੰਡ ਮਦਨਪੁਰ ਦੇ ਸਰਪੰਚ ਵੀ ਰਹਿ ਚੁੱਕੇ ਹਨ ਤੇ ਚੰਗੇ ਜੱਟ ਸਿੱਖ ਪ੍ਰਵਾਰ ਨਾਲ ਤਾਲੁਕਾਤ ਰੱਖਦੇ ਹਨ। ਦਸਣਾ ਬਣਦਾ ਹੈ ਕਿ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਚ ਇਹ ਵਿਆਹ ਸਾਦੇ ਢੰਗ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ, ਜਿਸਦੇ ਵਿਚ ਸਿਰਫ਼ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆਂ ਸਹਿਤ ਚੁਣਿੰਦਾ ਵਿਅਕਤੀਆਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਵਿਆਹ ਸਮਾਗਮਾਂ ਦੀ ਸਾਰੀ ਦੇਖ ਰੇਖ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਰਾਘਵ ਚੱਢਾ ਮੁੱਖ ਮੰਤਰੀ ਦੀ ਮਾਤਾ ਤੇ ਭੈਣ ਨਾਲ ਮਿਲਕੇ ਸੰਭਾਲ ਰਹੇ ਹਨ। ਮੁੱਖ ਮੰਤਰੀ ਦੇ ਨੇੜਲਿਆਂ ਮੁਤਾਬਕ 2019 ਵਿਚ ਭਗਵੰਤ ਮਾਨ ਦੇ ਪ੍ਰਵਾਰ ਨਾਲ ਮਿਲਣੀ ਤੋਂ ਬਾਅਦ ਡਾ ਗੁਰਪ੍ਰੀਤ ਕੌਰ ਦਾ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨਾਲ ਦੋਸਤਾਨਾ ਹੋ ਗਿਆ ਸੀ, ਜਿਸਤੋਂ ਬਾਅਦ ਇੰਨ੍ਹਾਂ ਨੂੰ ਮੋਹਾਲੀ ਤੇ ਚੰਡੀਗੜ੍ਹ ’ਚ ਕਈ ਵਾਰ ਇਕੱਠਿਆਂ ਦੇਖਿਆਂ ਜਾਂਦਾ ਰਿਹਾ ਹੈ। ਜਿਸਦੇ ਚੱਲਦੇ ਉਨ੍ਹਾਂ ਵਲੋਂ ਹੀ ਗੁਰਪ੍ਰੀਤ ਦੀ ਪਸੰਦ ’ਤੇ ਭਗਵੰਤ ਮਾਨ ਨਾਲ ਵਿਆਹ ਦੀ ਗੱਲ ਅੱਗੇ ਵਧਾਈ ਗਈ। ਇੱਥੇ ਦਸਣਾ ਬਣਦਾ ਹੈ ਕਿ 1973 ’ਚ ਜਨਮੇ ਭਗਵੰਤ ਮਾਨ ਦਾ ਵਿਆਹ ਕਰੀਬ 23-24 ਸਾਲ ਪਹਿਲਾਂ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ, ਜਿਸਦੀ ਕੁੱਖੋ ਬੇਟਾ ਦਿਲਸ਼ਾਨ ਤੇ ਬੇਟੀ ਸੀਰਤ ਹਨ ਪ੍ਰੰਤੂ ਕਿਸੇ ਕਾਰਨ ਨੂੰ ਲੈ ਕੇ ਦੋਨਾਂ ਵਿਚਕਾਰ 2015 ਵਿੱਚ ਤਲਾਕ ਹੋ ਗਿਆ ਸੀ। ਇਸਦੇ ਪਿੱਛੇ ਭਗਵੰਤ ਮਾਨ ਵਲੋਂ ਮੁੱਖ ਕਾਰਨ ਅਪਣੀ ਪਤਨੀ ਵਲੋਂ ਸਿਆਸਤ ਛੱਡਣ ਲਈ ਦਬਾਅ ਪਾਉਣਾ ਦਸਿਆ ਸੀ। ਤਲਾਕ ਤੋਂ ਬਾਅਦ ਇੰਦਰਪ੍ਰੀਤ ਕੌਰ ਤੇ ਉਨ੍ਹਾਂ ਦੇ ਦੋਨੋਂ ਬੱਚੇ ਅਮਰੀਕਾ ਵਿਚ ਰਹਿ ਰਹੇ ਹਨ। ਉਜ 2014 ਦੀਆਂ ਲੋਕ ਸਭਾ ਚੋਣਾਂ ’ਚ ਮਿਲੀ ਵੱਡੀ ਜਿੱਤ ਵਿਚ ਭਗਵੰਤ ਮਾਨ ਦੀ ਪਤਨੀ ਨੇ ਵੀ ਵੱਡਾ ਯੋਗਦਾਨ ਪਾਇਆ ਸੀ।
Share the post "ਹਰਿਆਣਾ ਦੇ ਪਿਹੌਵਾ ਦੀ ਰਹਿਣ ਵਾਲੀ ਹੈ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਆਹੀ ਜਾਣ ਵਾਲੀ ਗੁਰਪ੍ਰੀਤ ਕੌਰ"