ਸੁਖਜਿੰਦਰ ਮਾਨ
ਬਠਿੰਡਾ, 19 ਮਾਰਚ: ਬੀਤੇ ਕੱਲ ਬਠਿੰਡਾ ਸ਼ਹਿਰ ਵਿਚ ਹੋਲੀ ਦੇ ਮਨਾਏ ਗਏ ਪਵਿੱਤਰ ਤਿਊਹਾਰ ਮੌਕੇ ਖ਼ਰੂਦ ਪਾਉਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੀ ਪੁਲਿਸ ਵਲੋਂ ‘ਖੁੰਬ’ ਠੱਪਣ ਦੀ ਸੂਚਨਾ ਹੈ। ਸੂਚਨਾ ਮੁਤਾਬਕ ਸਥਾਨਕ ਅਜੀਤ ਰੋਡ, 100 ਫੁੱਟੀ ਰੋਡ, ਮਾਲ ਰੋਡ ਤੇ ਹੋਰਨਾਂ ਥਾਵਾਂ ’ਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਵਲੋਂ ਇਕੱਲੇ ਮੋਟਰਸਾਈਕਲਾਂ ਤੇ ਸਕੂਟਰਾਂ ’ਤੇ ਸਵਾਰ ਹੋ ਕੇ ਨਹੀਂ, ਬਲਕਿ ਪਿੰਡਾਂ ਵਿਚੋਂ ਵੱਡੇ ਵੱਡੇ ਟਰੈਕਟਰ ਲਿਆ ਕੇ ਉਨ੍ਹਾਂ ਉਪਰ ਉਚੀ ਉਚੀ ਅਵਾਜ਼ ’ਚ ਡੈਕ ਚਲਾ ਕੇ ਹੋਲੀ ਮਨਾਈ ਗਈ। ਤੇਜ਼ ਵਾਹਨ ਚਲਾਉਣ ਤੋਂ ਇਲਾਵਾ ਬੁਲੇਟ ਮੋਟਰਸਾਈਕਲਾਂ ਦੇ ਸਿਲੈਸਰਾਂ ਰਾਹੀ ਪਟਾਕੇ ਵੀ ਪਾਏ ਗਏ। ਇਹੀਂ ਨਹੀਂ ਖ਼ੁਸੀ ਤੇ ਜਵਾਨੀ ਦੇ ਜੋਸ਼ ’ਚ ਇੱਕ-ਇੱਕ ਮੋਟਰਸਾਈਕਲ ਉਪਰ ਤਿੰਨ-ਤਿੰਨ ਤੇ ਚਾਰ-ਚਾਰ ਜਣਿਆਂ ਨੇ ਸਵਾਰ ਹੋ ਕੇ ਹੁੱਲੜਬਾਜ਼ੀਆਂ ਕਰਨ ਦੀਆਂ ਘਟਨਾਵਾਂ ਵੀ ਵਾਪਰੀਆਂ। ਨੌਜਵਾਨਾਂ ਦੇ ਨਾਲ ਮੁਟਿਆਰਾਂ ਵੀ ਇਸ ਹੁੱਲੜਬਾਜ਼ੀ ਵਿਚ ਸ਼ਾਮਲ ਸਨ। ਵੱਡੀ ਗਿਣਤੀ ਵਿਚ ਆਏ ਇਨਾਂ੍ਹ ਨੌਜਵਾਨਾਂ ਅਤੇ ਮੁਟਿਆਰਾਂ ਨੇ ਟੋਲੀਆਂ ਦੇ ਰੂਪ ‘ਚ ਸ਼ਹਿਰ ਵਿਚ ਹੁੱਲੜਬਾਜ਼ੀ ਕੀਤੀ। ਇਸ ਤੋਂ ਇਲਾਵਾ ਟਰੈਕਟਰਾਂ ਕਾਰਾਂ ਅਤੇ ਜੀਪਾਂ ‘ਤੇ ਸਵਾਰ ਐਨੀ ਉੱਚੀ ਆਵਾਜ਼ ਵਿਚ ਡੈੱਕ ਲਗਾਏ ਹੋਏ ਸਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਹੁੱਲੜਬਾਜ਼ਾਂ ਵੱਲੋਂ ਦਿੱਤੀਆਂ ਜਾ ਰਹੀਆਂ ਇਨਾਂ੍ਹ ਹਰਕਤਾਂ ਦਾ ਪਤਾ ਚਲਦਿਆਂ ਹੀ ਪੁਲਿਸ ਨੂੰ ਆਪਣੇ ਰੰਗ ਵਿਚ ਆਉਣਾ ਪਿਆ ਤੇ ਹੁੜਦੰਗ ਮਚਾ ਰਹੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਖੁੰਬ ਠੱਪ ਕੇ ਉਨਾਂ੍ਹ ਨੂੰ ਘਰੋ ਘਰੀਂ ਤੋਰਿਆ। ਸ਼ਹਿਰ ਦੇ ਆਈਲੇਟਸ ਤੇ ਪੀਜੀ ਵਾਲੇ ਖੇਤਰਾਂ ਵਿਚ ਪੁਲਿਸ ਵਲੋਂ ਬੈਰੀਗੇਡਿੰਗ ਤੇ ਨਾਕਾਬੰਦੀ ਕਰਨ ਦੇ ਨਾਲ-ਨਾਲ ਗਸ਼ਤ ਰੱਖੀ ਹੋਈ ਸੀ। ਇਸ ਦੌਰਾਨ ਕਈ ਥਾਂ ਕੁੱਝ ਨੌਜਵਾਨ ਪੁਲਿਸ ਦੇ ਧੱਕੇ ਵੀ ਚੜ੍ਹੇ ਤੇ ਕਈ ਥਾਂ ਉਨ੍ਹਾਂ ਦੇ ਵਾਹਨਾਂ ਦੇ ਚਲਾਨ ਵੀ ਕੀਤੇ ਗਏ। ਇਸ ਮੌਕੇ ਕਈ ਖੇਤਰਾਂ ਦੇ ਮੁਹੱਲਾ ਵਾਸੀਆਂ ਨੇ ਇਹ ਵੀ ਦੋਸ਼ ਲਗਾਏ ਕਿ ਕਈ ਥਾਂ ਹੋਲੀ ਮਨਾਉਣ ਲਈ ਘਰੋਂ ਬਾਹਰ ਨਿਕਲੇ ਨੌਜਵਾਨ ਅਤੇ ਮੁਟਿਆਰਾਂ ਨਸ਼ੇ ਵਿਚ ਟੁੱਲ ਸਨ।
ਹੌਲੀ ਮੌਕੇ ਸ਼ਰਾਰਤੀ ਨੌਜਵਾਨਾਂ ਦੀ ਪੁਲਿਸ ਨੇ ‘ਖੁੰਬ’ ਠੱਪੀ
7 Views