ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਤਨਖ਼ਾਹਾਂ ਵਧਾਉਣ ਤੇ ਹੋਰ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ 108 ਐਂਬੂਲੈਂਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁਧ ਮੋਰਚਾ ਖੋਲਦਿਆਂ ਬੀਤੇ ਕੱਲ ਤੋਂ ਹੜਤਾਲ ਸੁਰੂ ਕਰ ਦਿੱਤੀ ਹੈ। ਇਸ ਹੜਤਾਲ ਕਾਰਨ ਐਂਬੂਲੈਂਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਹੜਤਾਲੀ ਕਾਮਿਆਂ ਨੇ ਇਸ ਸੰਘਰਸ ਨੂੰ ਪੰਜਾਬ ਪੱਧਰ ’ਤੇ ਲਿਜਾਣ ਦਾ ਐਲਾਨ ਕੀਤਾ ਹੈ। ਇਸ ਹੜਤਾਲ ਕਾਰਨ ਸਿਹਤ ਸੇਵਾਵਾਂ ’ਤੇ ਬੁਰਾ ਅਸਰ ਪਿਆ ਹੈ। ਮਰੀਜ਼ਾਂ ਨੂੰ ਇਧਰ-ਉਧਰ ਲਿਜਾਣ ਲਈ ਹੁਣ ਉਨ੍ਹਾਂ ਦੇ ਵਾਰਸਾਂ ਨੂੰ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਥਾਨਕ ਸਿਵਲ ਹਸਪਤਾਲ ਵਿਚ ਹੜਤਾਲ ’ਤੇ ਬੈਠੇ ਮੁਲਾਜਮਾਂ ਨੇ ਸਰਕਾਰ ਤੇ ਇੰਨ੍ਹਾਂ ਐਂਬੂਲੈਂਸਾਂ ਦਾ ਕਾਰੋਬਾਰ ਦੇਖ ਰਹੀ ਪ੍ਰਾਈਵੇਟ ਕੰਪਨੀ ਵਿਰੁਧ ਨਾਅਰੇਬਾਜ਼ੀ ਕਰਦਿਆਂ ਦਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਠੇਕੇਦਾਰੀ ਸਿਸਟਮ ਵਿਚੋਂ ਕੱਢ ਕੇ ਸਿੱਧਾ ਪੰਜਾਬ ਸਰਕਾਰ ਦੇ ਅਧੀਨ ਲਿਆਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਧੱਕੇਸ਼ਾਹੀ ਤੇ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਵਾਉਣ ਦਾ ਦੋਸ਼ ਲਗਾਉਂਦਿਆਂ ਸਰਕਾਰ ਨੂੰ ਐਂਬੂਲੈਂਸਾਂ ਚਲਾਉਣ ਦਾ ਠੇਕਾ ਕਿਸੇ ਹੋਰ ਕੰਪਨੀ ਨੂੰ ਵੀ ਦੇਣ ਦੀ ਮੰਗ ਕੀਤੀ। ਐਂਬੂਲੈਂਸ ਯੂਨੀਅਨ ਦੇ ਆਗੂ ਅੰਮਿ੍ਰਤਪਾਲ ਸਿੰਘ ਤੇ ਸੰਦੀਪ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦੀ ਤਨਖਾਹ ਘੱਟੋ ਘੱਟ 25 ਹਜ਼ਾਰ ਰੁਪਏ ਮਹੀਨਾ ਹੋਣੀ ਚਾਹੀਦੀ ਹੈ।
Share the post "108 ਐਂਬੂਲੈਂਸ ਮੁਲਾਜਮਾਂ ਨੇ ਵੀ ਸਰਕਾਰ ਵਿਰੁਧ ਖੋਲਿਆ ਮੋਰਚਾ, ਹੜਤਾਲ ਦੂਜੇ ਦਿਨ ’ਚ ਦਾਖ਼ਲ"