16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

0
54
0

ਬਠਿੰਡਾ, 23 ਅਗਸਤ : ਸਥਾਨਕ ਸਿਵਲ ਲਾਈਨ ਪੁਲਿਸ ਵਲੋਂ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇੱਕ ਕਾਰਵਾਈ ਵਿਚ ਅਜੀਤ ਰੋਡ ਤੋਂ ਇੱਕ ਔਰਤ ਤੇ ਮਰਦ ਨੂੰ 16 ਕਿਲੋਂ ਭੁੱਕੀ ਸਹਿਤ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਪਿੰਡ ਘੱਗਾ ਜ਼ਿਲ੍ਹਾ ਮੁਕਤਸਰ ਦੇ ਤੌਰ ‘ਤੇ ਹੋਈ ਹੈ। ਮੁਢਲੀ ਪਤੜਾਲ ਮੁਤਾਬਕ ਕੁਲਦੀਪ ਦੇ ਵਿਰੁਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਨਸ਼ਾ ਤਸਕਰੀ ਆਦਿ ਜੁਰਮਾਂ ਤਹਿਤ ਅੱਧੀ ਦਰਜ਼ਨ ਦੇ ਕਰੀਬ ਪਰਚੇ ਦਰਜ਼ ਹਨ। ਦੂਜੇ ਪਾਸੇ ਕੁਲਦੀਪ ਸਿੰਘ ਨਾਲ ਫ਼ੜੀ ਗਈ ਔਰਤ ਰਮਨਦੀਪ ਕੌਰ ਵੀ ਘੱਗਾ ਦੀ ਰਹਿਣ ਵਾਲੀ ਹੈ ਪ੍ਰੰਤੂ ਉਹ ਉਕਤ ਵਿਅਕਤੀ ਦੀ ਪਤਨੀ ਨਹੀਂ ਹੈ।

ਲਾਰੇਂਸ ਬਿਸਨੋਈ ਗੁਜਰਾਤ ਪੁਲਿਸ ਦੀ ਹਿਰਾਸਤ ’ਚ: ਬਠਿੰਡਾ ਤੋਂ ਭਾਰੀ ਸੁਰੱਖਿਆ ਹੇਠ ਰਵਾਨਾ

ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸੀ ਸਥਾਨਕ ਅਜੀਤ ਰੋਡ ਦੀ ਗਲੀ ਨੰਬਰ 26/3 ਵਿਚ ਇੱਕ ਕਿਰਾਏ ਦੇ ਮਕਾਨ ’ਤੇ ਰਹਿ ਰਹੇ ਸਨ। ਕੁਲਦੀਪ ਸਿੰਘ ਪਿੰਡਾਂ ’ਚ ਵੈਗਨਰ ਕਾਰ ’ਤੇ ਕੱਪੜਾ ਵੇਚਣ ਦਾ ਕੰਮ ਕਰਦਾ ਸੀ ਜਦ ਕਿ ਰਮਨਦੀਪ ਕੌਰ ਘਰੋਂ ਗੁੱਸੇ ਹੋ ਕੇ ਉਸਦੇ ਨਾਲ ਰਹਿ ਰਹੀ ਸੀ। ਦੋਨੋਂ ਪਹਿਲਾਂ ਪਿੰਡ ਵਿਚ ਮਨਰੇਗਾ ਅਧੀਨ ਇਕੱਠੇ ਕੰਮ ਕਰਦੇ ਦੱਸੇ ਜਾ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਜੋੜੀ ਰਾਜਸਥਾਨ ਦੇ ਗੰਗਾਨਗਰ ਕੋਲੋਂ ਭੁੱਕੀ ਲਿਆਉਂਦੇ ਸਨ ਤੇ ਇੱਥੇ ਪਿੰਡਾਂ, ਟਰੱਕ ਯੂਨੀਅਨ ਜਾਂ ਧੋਬੀਆਣਾ ਬਸਤੀ ਵਿਚ ਵੇਚ ਦਿੰਦੇ ਸਨ। ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦਸਿਆ ਕਿ ਥਾਣੇਦਾਰ ਰਘਵੀਰ ਸਿੰਘ ਦੀ ਅਗਵਾਈ ਹੇਠ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾਵੇਗੀ।

 

 

0

LEAVE A REPLY

Please enter your comment!
Please enter your name here