ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਅੱਜ ਸਥਾਨਕ ਟੀਚਰਜ਼ ਹੋਮ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਅਤੇ ਹੋਰ ਆਗੂਆਂ ਨੇ 26 ਜਨਵਰੀ ਨੂੰ ਜੀਦ ਵਿਖੇ ਹੋਣ ਜਾ ਰਹੀ ਮਹਾਂਪੰਚਾਇਤ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦਿਆਂ ਦਾਅਵਾ ਕੀਤਾ ਕਿ ਇਸ ਮਹਾਂਪੰਚਾਇਤ ਨੂੰ ਸਫ਼ਲ ਬਣਾਉਣ ਲਈ ਉੱਤਰੀ ਭਾਰਤ ਦੇ 6 ਸੂਬਿਆਂ ਦੀਆਂ ਕਿਸਾਨਾਂ ਜਥੇਬੰਦੀਆਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੈਬੰਦੀ ਦੇ ਝੰਡੇ ਹੇਠ ਵੀ ਕਰੀਬ 50 ਹਜ਼ਾਰ ਕਿਸਾਨਾਂ ਦਾ ਵੱਡਾ ਕਾਫ਼ਲਾ ਪੁੱਜ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਇੱਕ ਸਾਲ ਚੱਲੇ ਕਿਸਾਨ ਮੋਰਚੇ ਦੇ ਦਬਾਅ ਹੇਠ ਤਿੰਨ ਕਾਲੇ ਕਾਨੂੰਨ ਵਾਪਸ ਜਰੂਰ ਲੈ ਲਏ ਸਨ ਪ੍ਰੰਤੂ ਹਾਲੇ ਤੱਕ ਬਾਕੀ ਮੰਗਾਂ ਨੂੰ ਪੂਰਾ ਨਹੀਂ ਕੀਤਾ। ਇੰਨ੍ਹਾਂ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦਸਿਆ ਕਿ 23 ਫਸਲਾਂ ’ਤੇ ਐੱਮ ਐੱਸ ਪੀ ਦੇਣਾ; ਲਖੀਮਪੁਰਖੀਰੀ ਨਾਲ ਸਬੰਧਤ ਕੇਸ ਚ ਕੇਂਦਰੀ ਮੰਤਰੀ ਅਜੈ ਟੈਣੀ ਨੂੰ ਮੰਤਰੀ ਮੰਡਲ ਚੋ ਬਰਖਾਸਤ ਕਰਕੇ ਗਿਰਫ਼ਤਾਰ ਕਰਨਾ ਅਤੇ ਕਿਸਾਨ ਆਗੂਆਂ ਉੱਪਰ ਬਣਾਏ ਗਏ ਕਤਲ ਕੇਸ ਵਾਪਸ ਕਰਨਾ; ਸ਼ਹੀਦ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜਾ ਦੇਣਾ; ਮੁਲਕ ਭਰ ਅੰਦਰ ਇਸ ਸੰਘਰਸ਼ ਨਾਲ ਸਬੰਧਤ ਸਾਰੇ ਕੇਸ ਵਾਪਸ ਕਰਨਾ; ਮੁਲਕ ਭਰ ਦੇ ਕਿਸਾਨਾਂ ਤੋਂ ਸਾਰਾ ਕਰਜ਼ਾ ਖਤਮ ਕਰਨਾ; 60 ਸਾਲ ਤੋਂ ਵੱਧ ਉੱਮਰ ਦੇ ਕਿਸਾਨਾਂ ਨੂੰ ਪੈਨਸ਼ਨ ਦੇਣਾ; ਬਿਜਲੀ ਬਿੱਲ 2020 ਵਾਪਸ ਲੈਣਾ ਅਤੇ ਸਾਰੀਆਂ ਖੇਤੀ ਫਸਲਾਂ ਦਾ ਬੀਮਾ ਯਕੀਨੀ ਕਰਨਾ ਸ਼ਾਮਲ ਹੈ। ਇਸ ਮਹਾਂਪੰਚਾਇਤ ਲਈ 26 ਜਨਵਰੀ ਦਾ ਹੀ ਦਿਨ ਚੁਣਨ ’ਤੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਤੋਂ 2 ਵਰੇ ਪਹਿਲਾਂ 26 ਜਨਵਰੀ 2021 ਨੂੰ ਮੋਦੀ ਹਕੂਮਤ ਨੇ ਫਿਰਕੂ ਪੱਤਾ ਖੇਡ ਦਿਆਂ ਸੰਘਰਸ਼ ਤੋਂ ਪਰਾਈਆਂ ਫਿਰਕੂ ਸ਼ਕਤੀਆਂ ਨਾਲ ਨੰਗੀ ਚਿੱਟੀ ਸਾਂਠਗਾਂਠ ਕਰਦਿਆਂ ਸੰਘਰਸ਼ ਨੂੰ ਕੁਚਲਨ ਦੀ ਸਾਜਿਸ ਰਚੀ ਸੀ ਜੋ ਕਿ ਕਿਸਾਨ ਜਨਤਾ ਦੀ ਤਾਕਤ ਦੇ ਜ਼ੋਰ ਅਤੇ ਕਿਸਾਨ ਸੰਘਰਸ਼ ਅੰਦਰਲੀਆਂ ਅਹਿਮ ਕਿਸਾਨ ਜਥੇਬੰਦੀਆਂ ਦੀ ਦਰੁਸਤ ਪੁਹੰਚ ਤੇ ਦਮਖਮ ਦੇ ਜ਼ੋਰ ਨਕਾਮ ਕਰ ਦਿੱਤੀ ਗਈ ਸੀ, ਜਿਸਦੇ ਚੱਲਦੇ ਉਕਤ ਦਿਨ ਜੀਂਦ ਦੀ ਕਿਸਾਨ ਮਹਾਂ ਪੰਚਾਇਤ ਅੰਦਰ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜਬੂਤ ਕਰਨ;ਪੰਜਾਬ ਹਰਿਆਣਾ ਦੇ ਕਿਸਾਨਾਂ ਦੀ ਏਕਤਾ ਨੂੰ ਹੋਰ ਮਜਬੂਤ ਕਰਨ ਤੇ ਮੋਦੀ ਹਕੂਮਤ ਦੇ ਫਿਰਕੂ-ਫਾਸ਼ੀ ਮਨਸੂਬਿਆਂ ਨੂੰ ਨਕਾਮ ਕਰਨ ਦਾ ਅਹਿਦ ਲਿਆ ਜਾਵੇਗਾ । ਮਹਾਂ ਪੰਚਾਇਤ ਲਈ ਤਿਆਰੀਆਂ ਦੀ ਗੱਲ ਕਰਦਿਆਂ,ਜਥੇਬੰਦੀ ਦੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਡੀ ਜਥੇਬੰਦੀ ਵੱਲੋਂ ਇਹਨਾਂ ਤਿਆਰੀਆਂ ਲਈ ਵਿਸ਼ਾਲ ਕਿਸਾਨ ਮੀਟਿੰਗਾਂ, ਰੈਲੀਆਂ, ਮੋਟਰਸਾਈਕਲ ਮਾਰਚਾਂ ਤੇ ਨੁੱਕੜ ਨਾਟਕਾਂ ਦੇ ਰੂਪ ਚ ਵਿਸ਼ਾਲ ਮੁਹਿਮ ਜਥੇਬੰਦ ਕੀਤੀ ਗਈ ਹੈ।
Share the post "26 ਦੀ ਜੀਂਦ ਮਹਾਂ ਪੰਚਾਇਤ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਵਿੱਢੀ ਮੁਹਿੰਮ"