ਪ੍ਰਾਈਵੇਟ ਟ੍ਰਾਂਸਪੋਟਰ ਅਤੇ ਦੋਧੀ ਯੂਨੀਅਨ ਨੇ ਕੀਤਾ ਸਾਥ ਦੇਣ ਦਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ -ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾਡੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤੀ ਜਾ ਰਹੀ ਸਾਮਰਾਜੀ ਵਿਰੋਧੀ ਕਾਨਫਰੰਸ ਵਿੱਚ ਬਰਨਾਲਾ ਵਿਖੇ ਵਿਸ਼ਾਲ ਇਕੱਠ ਕਰਨ ਦੀ ਤਿਆਰੀ ਲਈ ਅੱਜ ਵੱਡੀ ਗਿਣਤੀ ਵਿਚ ਇਕੱਠੇ ਹੋਏ ਕਿਸਾਨਾਂ ਵਲੋਂਬਠਿੰਡਾ ਸਹਿਰ ਸਮੇਤ 10 ਸਹਿਰਾਂ , 3 ਕਸਬਿਆਂ ਅਤੇ 60 ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਮਾਰਚ ਵਿੱਚ ਸ਼ਾਮਲ ਕਿਸਾਨਾਂ ਨੇ 27 ਸਤੰਬਰ ਨੂੰ ਭਾਰਤ ਬੰਦ ਮੌਕੇ ਸ਼ਹਿਰਾਂ ਦੇ ਸਮੂਹ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਅਤੇ 15 ਥਾਵਾਂ ’ਤੇ ਲਗਾਏ ਜਾ ਰਹੇ ਸੜਕ ਜਾਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ । ਮੋਟਰਸਾਈਕਲ ਮਾਰਚਾਂ ਦੀ ਅਗਵਾਈ ਵਿੱਚ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ , ਦਰਸ਼ਨ ਸਿੰਘ ਮਾਈਸਰਖਾਨਾ, ਜਗਦੇਵ ਸਿੰਘ ਜੋਗੇਵਾਲਾ,ਕੁਲਵੰਤ ਸ਼ਰਮਾ, ਗੁਰਪਾਲ ਸਿੰਘ ਦਿਓਣ ,ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾ ਗੁਰੂ ,ਸੁਖਦੇਵ ਸਿੰਘ ਰਾਮਪੁਰਾ ਸਮੇਤ ਬਲਾਕਾਂ ਅਤੇ ਪਿੰਡਾਂ ਦੇ ਅਹੁਦੇਦਾਰ ਸ਼ਾਮਲ ਸਨ । ਉਧਰ 27 ਸਤੰਬਰ ਦੇ ਭਾਰਤ ਬੰਦ ਦੇ ਸਮਰਥਨ ਵਿੱਚ ਪ੍ਰਾਈਵੇਟ ਬੱਸ ਅਪਰੇਟਰ ਵੀ ਨਿੱਤਰ ਆਏ ਹਨ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਬੰਦ ਵਾਲੇ ਦਿਨ ਨਹੀਂ ਚਲਾਵਾਂਗੇ। ਅੱਜ ਇੱਥੇ ਹੋਈ ਮੀਟਿੰਗ ਵਿਚ ਪ੍ਰਾਈਵੇਟ ਬੱਸ ਅਪਰੇਟਰ ਯੂਨੀਅਨ ਜਲ੍ਹਿਾ ਬਠਿੰਡਾ ਦੇ ਪ੍ਰਧਾਨ ਨਰਪਿੰਦਰ ਸਿੰਘ ਰਵੀ ਜਲਾਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਹਨ, ਜੋ ਮਨਜ਼ੂਰ ਨਹੀਂ ਤੇ ਇਕ ਨੂੰ ਰੱਦ ਹੋਣੇ ਚਾਹੀਦੇ ਹਨ, ਇਹ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦਾ ਹਰ ਵਰਗ ਨੂੰ ਸਮਰਥਨ ਦੇਣਾ ਚਾਹੀਦਾ ਹੈ, 27 ਸਤੰਬਰ ਵਾਲੇ ਦਿਨ ਪ੍ਰਾਈਵੇਟ ਬੱਸ ਅਪਰੇਟਰ ਆਪਣੀਆਂ ਬੱਸਾਂ ਬੰਦ ਰੱਖਣਗੇ ਅਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ ਤਾਂ ਜੋ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਸਕੇ । ਇਸ ਮੌਕੇ ਉਨ੍ਹਾਂ ਦੇ ਨਾਲ ਪਰਮਜੀਤ ਸਿੰਘ ਪ੍ਰਧਾਨ ਰਾਮਪੁਰਾ ਬੱਸ ਯੂਨੀਅਨ ,ਸੁਖਮੰਦਰ ਸਿੰਘ ਮਿਲਾਪ ਬੱਸ, ਜਸਵੀਰ ਸਿੰਘ ਖਾਲਸਾ ਬਸ ,ਰਾਜਵਿੰਦਰ ਸਿੰਘ ਜੀਟੀਆਰ ਬਸ, ਹਰਜੀਤ ਸਿੰਘ ਸੁਖਮਣੀ ਬੱਸ ਸਰਵਿਸ ਤੇ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਬੱਸ ਮਾਲਕ, ਕੰਡਕਟਰ ਅਤੇ ਡਰਾਈਵਰ ਤੇ ਕਿਸਾਨ ਆਦਿ ਹਾਜ਼ਰ ਸਨ । ਉਧਰ ਦੋਧੀ ਯੂਨੀਅਨ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਆਉਂਦਿਆਂ 27 ਨੂੰ ਦੁੱਧ ਨਾ ਪਾਉਣ ਦਾ ਫੈਸਲਾ ਲਿਆ ਹੈ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਾਨੂੰਨ ਲਾਗੂ ਹੋਣ ਨਾਲ ਇਕੱਲਾ ਖੇਤੀ ਹੀ ਨਹੀਂ, ਬਲਕਿ ਖੇਤੀ ਆਧਾਰਤ ਸਾਰੇ ਧੰਦੇ ਚੌਪਟ ਹੋ ਜਾਣਗੇ। ਦੂਜੇ ਪਾਸੇ ਜਮਹੂਰੀ ਅਧਿਕਾਰ ਸਭਾ ਨੇ ਵੀ ਕਿਸਾਨਾਂ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਸਭਾ ਦੇ ਆਗੂ ਪਿ੍ਰੰ ਬੱਗਾ ਸਿੰਘ ਤੇ ਸਕੱਤਰ ਡਾ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਫ਼ਾਈਰ ਬਿ੍ਰਗੇਡ ਚੌਕ ਵਿਚ ਪ੍ਰਦਰਸ਼ਨ ਕੀਤਾ ਗਿਆ।
27 ਦੇ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਨੇ ਕੱਢਿਆ ਮੋਟਰਸਾਈਕਲ ਮਾਰਚ
14 Views