15 Views
ਸੁਖਜਿੰਦਰ ਮਾਨ
ਬਠਿੰਡਾ 1 ਜੂਨ : ਕਰੀਬ 18 ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਸੇਮਾ ਦੀ 28 ਏਕੜ ਸ਼ਾਮਲਾਤ ਜ਼ਮੀਨ ਨੂੰ ਪ੍ਰਾਈਵੇਟ ਵਿਅਕਤੀਆਂ ਦੇ ਨਾਂ ਕਰਨ ਵਾਲੇ ਨਾਇਬ ਤਹਿਸੀਲਦਾਰ ਤੇ ਤਤਕਾਲੀ ਪਟਵਾਰੀ ਨੂੰ ਅੱਜ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤਾ ਗਿਆ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਮੌਜੂਦਾ ਸਮੇਂ ਸਰਦੂਲਗੜ ਵਿਖੇ ਤੈਨਾਤ ਹੈ ਜਦੋ ਕਿ ਜਗਜੀਤ ਸਿੰਘ ਜੱਗਾ ਪਟਵਾਰੀ ਵਜੋਂ ਸੇਵਾਮੁਕਤ ਹੋ ਚੁੱਕਿਆਂ ਹੈ। ਇੰਨ੍ਹਾਂ ਦੋਨਾਂ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋ ਦਿਨਾਂ ਲਈ ਵਿਜੀਲੈਂਸ ਕੋਲ ਰਿਮਾਂਡ ’ਤੇ ਭੇਜ ਦਿੱਤਾ। ਵਿਜੀਲੈਂਸ ਬਿਉੁਰੋ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਮੀਨ ਦੇ ਮਾਲਕ ਬਣੇ ਇੰਨ੍ਹਾਂ ਅੱਧੀ ਦਰਜ਼ਨ ਵਿਅਕਤੀਆਂ ਵਿਰੁੱਧ ਵੀ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ (ਉਸ ਸਮੇਂ ਕਾਨੂੰਗੋ) ਅਤੇ ਜਗਜੀਤ ਸਿੰਘ ਰਿਟਾਰਇਡ ਪਟਵਾਰੀ ਮਾਲ ਹਲਕਾ ਸੇਮਾਂ ਵਿਖੇ ਤੈਨਾਤ ਸਨ। ਪਟਵਾਰੀ ਜਗਜੀਤ ਸਿੰਘ ਜੱਗਾ ਵੱਲੋ ਜਮਾਂਬੰਦੀ 2005—06 ਵਿੱਚ ਪ੍ਰਾਈਵੇਟ ਵਿਅਕਤੀਆ ਨੂੰ ਕਾਸ਼ਤਕਾਰ ਤੋਂ ਮਾਲਕ ਬਣਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇਨ੍ਹਾਂ ਮਾਲਕਾ ਵੱਲੋ ਸ਼ਾਮਲਾਤ ਦੀ ਜ਼ਮੀਨ ਪਰ ਬੈਂਕਾ ਪਾਸੋ ਲੱਖਾ ਰੁਪਏ ਦੇ ਲੋਨ ਹਾਸਲ ਕੀਤੇ ਗਏ। ਵਿਜੀਲੈਂਸ ਵਿਭਾਗ ਵੱਲੋ ਕੀਤੀ ਗਈ ਪੜਤਾਲ ਦੋਰਾਨ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ ਜ਼ੋ ਉਸ ਸਮੇਂ ਬਤੌਰ ਕਾਨੂੰਗੋ ਤਾਇਨਾਤ ਸੀ ਦੇ ਖਿਲਾਫ ਵੀ ਸਬੂਤ ਸਾਹਮਣੇ ਆਏ, ਜਿਨ੍ਹਾਂ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਵਿਭਾਗ ਵੱਲੋ ਇਸ ਸ਼ਾਮਲਾਤ ਦੀ ਜ਼ਮੀਨ ਦੇ ਨਜਾਇਜ਼ ਬਣੇ ਮਾਲਕਾ ਨੂੰ ਵੀ ਇਸ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ, ਜਿਨ੍ਹਾਂ ਵੱਲੋ ਇਹ ਸ਼ਾਮਲਾਤ ਦੀ ਜ਼ਮੀਨ ਦੀ ਮਾਲਕੀ ਹਾਸਲ ਕਰਕੇ ਇਸ ਜ਼ਮੀਨ ਉਪਰ ਬੈਂਕਾ ਪਾਸੋ ਲੱਖਾ ਰੁਪਏ ਦੇ ਲੋਨ ਹਾਸਲ ਕੀਤੇ ਗਏ ਹਨ। ਇਸ ਸਬੰਧ ਵਿੱਚ ਉਕਤ ਮੁਲਜ਼ਮਾ ਖਿਲਾਫ ਵਿਜੀਲੈਂਸ ਬਿਉਰੋ ਥਾਣਾ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਹਿੰਦ ਦੰਡਾਵਲੀ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਹੈ। ਉਧਰ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਪਟਵਾਰੀ ਜਗਜੀਤ ਸਿੰਘ ਜੱਗਾ ਆਪਣੀ ਪੂਰੀ ਨੌਕਰੀ ਦੌਰਾਨ ਚਰਚਾ ਵਿਚ ਰਿਹਾ ਹੈ।ਉਸਦੇ ਵਿਰੁਧ ਇਕ ਆਤਮ-ਹੱਤਿਆ ਦਾ ਮਾਮਲੇ ਵੀ ਦਰਜ਼ ਹੋਇਆ ਸੀ, ਜਿਸ ਵਿੱਚ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਜਿਸਦੇ ਚੱਲਦੇ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰੰਤੂ ਬਾਅਦ ਵਿੱਚ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਉਸ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਸੀ।
Share the post "28 ਏਕੜ ਸ਼ਾਮਲਾਤ ਜ਼ਮੀਨ ਪ੍ਰਾਈਵੇਟ ਵਿਅਕਤੀਆ ਦੇ ਨਾਮ ਕਰਨ ਵਾਲੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਵਿਜੀਲੈਂਸ ਵੱਲੋ ਗ੍ਰਿਫਤਾਰ"