ਸੁਖਜਿੰਦਰ ਮਾਨ
ਬਠਿੰਡਾ, 5 ਦਸੰਬਰ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਸੰਬਰ ਨੂੰ ਜ਼ਿਲ੍ਹੇ ਚ ਪੈਂਦੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਵਿਖੇ ਆਮਦ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲ੍ਹੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਵਿਕਾਸ ਕਾਰਜਾਂ ਸਬੰਧੀ ਆਪੋਂ-ਆਪਣਾ ਰਿਕਾਰਡ ਮੁਕੰਮਲ ਰੱਖਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਖਾਸ ਹਦਾਇਤ ਕੀਤੀ ਕਿ ਪਿਛਲੇ 4 ਸਾਲਾਂ ਦੌਰਾਨ ਮੁਕੰਮਲ ਹੋਏ ਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਸਾਰੀਆਂ ਰਿਪੋਰਟਾਂ ਤਿਆਰ ਰੱਖਣਾ ਯਕੀਨੀ ਬਣਾਉਣ।
ਬੈਠਕ ਦੌਰਾਨ ਸ. ਸੰਧੂ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਰੂਟ ਪਲਾਨ ਤਿਆਰ ਕਰਕੇ ਸੁਰੱਖਿਅਤ ਪ੍ਰਬੰਧ ਕਰਨੇ ਯਕੀਨੀ ਬਣਾਉਣ। ਉਨ੍ਹਾਂ ਟ੍ਰੈਫ਼ਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਲਈ ਪਾਰਕਿੰਗ ਅਤੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜ ਅਨੁਸਾਰ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਕੀਤੇ ਜਾਣ। ਇਸ ਮੌਕੇ ਉਨ੍ਹਾਂ ਸਿਵਲ ਸਰਜਨ ਨੂੰ ਆਦੇਸ਼ ਦਿੰਦਿਆਂ ਕਿ ਉਹ ਡਾਕਟਰੀ ਟੀਮਾਂ ਅਤੇ ਐਂਬੂਲੈਂਸ ਗੱਡੀਆਂ ਦਾ ਪ੍ਰਬੰਧ ਕਰਨਾ ਯਕੀਨੀ ਬਣਾਉਣ।
ਇਸ ਮੌਕੇ ਸ. ਸੰਧੂ ਨੇ ਈਓ ਤਲਵੰਡੀ ਸਾਬੋ ਅਤੇ ਈਓ ਰਾਮਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਅਤੇ ਰਾਮਾਂ ਦੀ ਹਦੂਦ ਅੰਦਰ ਅਤੇ ਬਾਹਰ ਸਾਫ਼-ਸਫ਼ਾਈ, ਪਾਣੀ ਦਾ ਛਿੜਕਾੳ ਕਰਨਾ ਯਕੀਨੀ ਬਣਾਉਣ। ਉਨ੍ਹਾਂ ਜ਼ਿਲ੍ਹਾ ਵਣ ਅਫ਼ਸਰ ਨੂੰ ਕਿਹਾ ਕਿ ਉਹ ਸਮਾਰੋਹ ਵਾਲੀ ਥਾਂ ਨੀਵੇਂ ਦਰਖੱਤਾਂ, ਬੂਟਿਆਂ ਦੀ ਕਾਂਟ-ਛਾਂਟ ਕਰਨਾ ਲਾਜ਼ਮੀ ਬਣਾਉਣ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ ਅਤੇ ਰਾਮਾਂ ਵਿਖੇ ਸਮਾਰੋਹ ਵਾਲੀ ਜਗ੍ਹਾ ਤੇ ਬਿਜਲੀ ਕੁਨੇਕਸ਼ਨ ਦੇਣ ਅਤੇ ਜਨਰੇਟਰ ਦਾ ਲੋੜੀਂਦਾ ਪ੍ਰਬੰਧ ਕਰਨਾ, ਲੂਜ਼ ਕੁਨੇਕਸ਼ਨਾਂ, ਰਸਤੇ ਵਿਚੋਂ ਆਉਂਦੀਆਂ ਤਾਰਾਂ ਤੋਂ ਇਲਾਵਾ ਨਿਰਵਿਘਨ ਬਿਜਲੀ ਸਪਲਾਈ ਸੁਨਿਸਚਿਤ ਕਰਨਾ ਯਕੀਨੀ ਬਣਾਉਣਗੇ। ਇਸ ਮੌਕੇ ਉਨ੍ਹਾਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਉਹ ਆਮ ਲੋਕਾਂ ਲਈ ਲੋੜ ਅਨੁਸਾਰ ਜਨਾਨਾ ਅਤੇ ਮਰਦਾਨਾ ਪਖਾਨੇ ਬਣਾਉਣ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਅਕਾਸ਼ ਬਾਂਸਲ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਸ਼ਾਮਲ ਸਨ।
Share the post "8 ਦਸੰਬਰ ਨੂੰ ਚਰਨਜੀਤ ਸਿੰਘ ਚੰਨੀ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਣਗੇ ਨਤਮਸਤਕ"