ਨੀਲ ਗਰਗ ਨੂੰ ਸੂਬਾਈ ਮੀਡੀਆ ਵਿੰਗ ਦਾ ਮੁਖੀ ਤੇ ਅੰਮਿ੍ਰਤ ਲਾਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ : ਸੂਬੇ ਦੀ ਮੁੱਖ ਵਿਰੋਧੀ ਧਿਰ ਤੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਦੀ ਮੁੱਖ ਦਾਅਵੇਦਾਰੀ ਜਤਾ ਰਹੀ ਆਮ ਆਦਮੀ ਪਾਰਟੀ ਪੌਣੇ ਸਾਲ ’ਚ ਸਥਾਨਕ ਜ਼ਿਲ੍ਹਾ ਪ੍ਰਧਾਨ ਨੂੰ ਤੀਜੀ ਵਾਰ ਬਦਲਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਮੌਜੂਦਾ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੂੰ ਸੂਬਾਈ ਮੀਡੀਆ ਵਿੰਗ ਦਾ ਇੰਚਾਰਜ਼ ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਥਾਂ ਸਾਬਕਾ ਹਲਕਾ ਇੰਚਾਰਜ਼ ਅੰਮਿ੍ਰਤ ਲਾਲ ਅਗਰਵਾਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਚਰਚਾ ਚੱਲ ਰਹੀ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਅਜਿਹਾ ਕਰਕੇ ਪਾਰਟੀ ਟਿਕਟ ਦੇ ਦਾਅਵੇਦਾਰਾਂ ਨੂੰ ਇੱਕ-ਇੱਕ ਕਰਕੇ ਸੰਗਠਨ ਵਿਚ ‘ਫਿੱਟ’ ਕਰ ਰਹੀ ਹੈ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਨਵੰਬਰ ਮਹੀਨੇ ’ਚ ਪਾਰਟੀ ਦੇ ਹੋਏ ਪੁਨਰਗਠਨ ਤੋਂ ਬਾਅਦ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਲਗਾਤਾਰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਸੀ। ਹਾਲਾਂਕਿ ਪਹਿਲਾਂ ਉਨ੍ਹਾਂ ਦੇ ਅਧੀਨ ਜ਼ਿਲ੍ਹੇ ਦੇ ਸਾਰੇ (6) ਵਿਧਾਨ ਸਭਾ ਹਲਕੇ ਆਉਂਦੇ ਸਨ ਪ੍ਰੰਤੂ ਪੁਨਰਗਠਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇ ਦਿਹਾਤੀ ਦੇ ਦੋ ਅਹੁੱਦੇ ਬਣਾ ਕੇ ਤਿੰਨ-ਤਿੰਨ ਵਿਧਾਨ ਸਭਾ ਹਲਕੇ ਦੋਨਾਂ ਪ੍ਰਧਾਨਾਂ ਵਿਚ ਵੰਡ ਦਿੱਤੇ ਸਨ। ਸ਼ਹਿਰੀ ਜ਼ਿਲ੍ਹੇ ਵਿਚ ਬਠਿੰਡਾ ਸ਼ਹਿਰ ਤੋਂ ਇਲਾਵਾ ਬਠਿੰਡਾ ਦਿਹਾਤੀ ਤੇ ਤਲਵੰਡੀ ਸਾਬੋ ਅਤੇ ਬਠਿੰਡਾ ਦਿਹਾਤੀ ਵਿਚ ਭੁੱਚੋਂ ਮੰਡੀ, ਰਾਮਪੁਰਾ ਫ਼ੂਲ ਤੇ ਮੋੜ ਵਿਧਾਨ ਹਲਕੇ ਆਉਂਦੇ ਹਨ। ਪ੍ਰੰਤੂ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਲੜਣ ਦੇ ਚਾਹਵਾਨ ਐਡਵੋਕੇਟ ਜੀਦਾ ਵਲੋਂ ਪਾਰਟੀ ਦੀ ਸਹਿਮਤੀ ਨਾਲ ਜ਼ਿਲ੍ਹਾ ਪ੍ਰਧਾਨਗੀ ਛੱਡ ਦਿੱਤੀ ਸੀ ਤੇ ਉਨ੍ਹਾਂ ਨੂੰ ਸੂਬੇ ਦੇ ਕਾਨੂੰਨੀ ਸੈਲ ਦਾ ਸਹਿ ਪ੍ਰਧਾਨ ਬਣਾਇਆ ਗਿਆ ਸੀ। ਜਦੋਂਕਿ ਉਨ੍ਹਾਂ ਦੀ ਥਾਂ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਨੀਲ ਗਰਗ ਨੂੰ ਅਪ੍ਰੈਲ ਮਹੀਨੇ ਵਿਚ ਇਹ ਜਿੰਮੇਵਾਰੀ ਦਿੱਤੀ ਗਈ ਸੀ। ਉਚ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਕਰੀਬ ਚਾਰ ਮਹੀਨਿਆਂ ਬਾਅਦ ਪਾਰਟੀ ਸ਼੍ਰੀ ਗਰਗ ਨੂੰ ਮੁੜ ਸੂਬੇ ਵਿਚ ਲਿਜਾ ਰਹੀ ਹੈ। ਉਨ੍ਹਾਂ ਨੂੰ ਪਾਰਟੀ ਦੇ ਸੂਬਾਈ ਮੀਡੀਆ ਸੈਲ ਦਾ ਇੰਚਾਰਜ਼ ਬਣਾਉਣ ਬਾਰੇ ਕਿਹਾ ਜਾ ਰਿਹਾ ਹੈ। ਜਿਸਦੇ ਚੱਲਦੇ ਉਨ੍ਹਾਂ ਦੀ ਜਗ੍ਹਾਂ ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ਼ ਰਹੇ ਅੰਮਿ੍ਰਤ ਲਾਲ ਅਗਰਵਾਲ ਨੂੰ ਇਹ ਜਿੰਮੇਵਾਰੀ ਦਿੱਤੀ ਜਾ ਰਹੀ ਹੈ। ਉਜ ਇਹ ਵੀ ਦਸਿਆ ਜਾ ਰਿਹਾ ਹੈ ਕਿ ਇੱਕ ਵਾਰ ਉਨ੍ਹਾਂ ਨੂੰ ਉਪ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਵੇਗਾ। ਸੰਪਰਕ ਕਰਨ ‘ਤੇ ਸ਼੍ਰੀ ਅਗਰਵਾਲ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ, ਜੋ ਜਿੰਮੇਵਾਰੀ ਦਿੱਤੀ ਜਾਵੇਗੀ ਉਹ ਪਹਿਲਾਂ ਦੀ ਤਰ੍ਹਾਂ ਤਨਦੇਹੀ ਨਾਲ ਨਿਭਾਉਣਗੇ।
ਬਠਿੰਡਾ ਸ਼ਹਿਰੀ ਹਲਕੇ ਦੇ ਨਵੇਂ ਇੰਚਾਰਜ਼ ਦੀ ਵੀ ਚਰਚਾ
ਬਠਿੰਡਾ: ਉਧਰ ਸੂਬੇ ਦੇ ਵੀਵੀਆਈਪੀ ਮੰਨੇ ਜਾਂਦੇ ਬਠਿੰਡਾ ਸ਼ਹਿਰੀ ਹਲਕੇ ਦੀ ਜਿੰਮੇਵਾਰੀ ਵੀ ਕਿਸੇ ਆਗੂ ਨੂੰ ਦੇਣ ਦੀ ਚਰਚਾ ਚੱਲ ਰਹੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਹਲਕਾ ਇੰਚਾਰਜ਼ ਦੀ ਦੋੜ ਵਿਚ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਐਡਵੋਕੇਟ ਨਵਦੀਪ ਸਿੰਘ ਜੀਦਾ, ਅੰਮਿ੍ਰਤਲਾਲ ਅਗਰਵਾਲ ਤੇ ਯੂਥ ਆਗੂ ਅਮਰਦੀਪ ਸਿੰਘ ਰਾਜਨ ਵੀ ਮੁੱਖ ਦਾਅਵੇਦਾਰ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਰਟੀ ਜਿਸ ਆਗੂ ਨੂੰ ਹਲਕਾ ਇੰਚਾਰਜ਼ ਦੀ ਜਿੰਮੇਵਾਰੀ ਦੇਵੇਗੀ, ਉਸ ਉਪਰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਦਾਅ ਖੇਡਿਆ ਜਾਵੇਗਾ।