ਕਿਸਾਨਾਂ ਨੇ ਸਰਕਾਰ ਦੀ ਸ਼ਰਤ ਦੇ ਵਿਰੋਧ ’ਚ ਅੱਜ ਮੁੜ ਸਕੱਤਰੇਤ ਦੇ ਘਿਰਾਓ ਦਾ ਕੀਤਾ ਐਲਾਨ
ਸੁਖਜਿੰਦਰ ਮਾਨ
ਬਠਿੰਡਾ, 28 ਦਸੰਬਰ: ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ ਅੱਠ ਦਿਨਾਂ ਤੋਂ ਸਥਾਨਕ ਮਿੰਨੀ ਸਕੱਤਰੇਤ ਦੇ ਅੱਗੇ ਧਰਨਾ ਲਗਾਈ ਬੈਠੇ ਕਿਸਾਨਾਂ ਨੇ ਹੁਣ ਭਲਕੇ ਪੰਜਾਬ ਸਰਕਾਰ ਦੀਆਂ ਸਖ਼ਤ ਸਰਤਾਂ ਦੇ ਵਿਰੋਧ ’ਚ ਭਲਕੇ ਮੁੜ ਸਕੱਤਰੇਤ ਦੇ ਘਿਰਾਓ ਦਾ ਐਲਾਨ ਕੀਤਾ ਹੈ। ਧਰਨੇ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਆਗੂਆਂ ਨੇ ਦਸਿਆ ਕਿ ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ, ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਕਿਸਾਨਾਂ ਦੇ ਪ੍ਰਵਾਰਾਂ ਨੂੰ ਨੌਕਰੀਆਂ ਦੇਣ ਆਦਿ ਮੰਗਾਂ ਨੂੰ ਲੈ ਕੇ ਲਗਾਏ ਧਰਨੇ ਦੌਰਾਨ ਪੰਜਾਬ ਸਰਕਾਰ ਵੱਲੋਂ ਏਡੀਸੀ ਜਨਰਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਹੈ। ਪ੍ਰੰਤੂ ਅੱਜ ਉਕਤ ਅਧਿਕਾਰੀ ਨਾਲ ਮੀਟਿੰਗ ਵਿਚ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਨੇ ਗੁਲਾਬੀ ਸੁੰਡੀ ਕਾਰਨ ਹੋਏ ਖਰਾਬੇ ਦੇ ਨੁਕਸਾਨ ਵਜੋਂ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਤੱਕ ਦਾ ਮੁਆਵਜ਼ਾ ਦੇਣ ਦੀ ਸ਼ਰਤ ਲਗਾ ਦਿੱਤੀ ਹੈ। ਜਿਸਦੇ ਨਾਲ ਠੇਕੇ ’ਤੇ ਕਈ ਕਈ ਏਕੜ ਜਮੀਨ ਲੈ ਕੇ ਵਾਹੀ ਕਰਨ ਵਾਲੇ ਤੇ ਵੱਧ ਮਾਲਕੀ ਵਾਲੇ ਕਿਸਾਨ ਇਸ ਮੁਆਵਜ਼ੇ ਤੋਂ ਵਾਂਝੇ ਰਹਿ ਜਾਣਗੇ। ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾਗੁਰੂ, ਮੋਠੂ ਸਿੰਘ ਕੋਟੜਾ ਤੇ ਮਜਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਦਸਿਆ ਕਿ ਸਰਕਾਰ ਦੇ ਇਸ ਫੈਸਲੇ ਵਿਰੁਧ ਭਲਕੇ ਸਕੱਤਰੇਤ ਦੇ ਸਾਰੇ ਗੇਟਾਂ ਦਾ ਘਿਰਾਓ ਕੀਤਾ ਜਾਵੇਗਾ। ਨਉਧਰ ਅੱਜ ਦੀ ਸਟੇਜ ਤੋਂ ਅਜੇਪਾਲ ਸਿੰਘ ਘੁੱਦਾ ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਪਰਮਜੀਤ ਕੌਰ ਕੋਟੜਾ ਨੇ ਵੀ ਸੰਬੋਧਨ ਕੀਤਾ। ਲੋਕ ਪੱਖੀ ਕਲਾਕਾਰ ਰਾਮ ਸਿੰਘ ਹਠੂਰ ਅਤੇ ਹਰਬੰਸ ਸਿੰਘ ਘਣੀਆ ਨੇ ਕਿਸਾਨ ਅਤੇ ਲੋਕ ਪੱਖੀ ਗੀਤ ਪੇਸ਼ ਕੀਤੇ।
Share the post "ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਵਜੋਂ ਇੱਕ ਕਿਸਾਨ ਨੂੰ ਮਿਲੇਗਾ ਸਿਰਫ਼ ਪੰਜ ਏਕੜ ਤੱਕ"