ਭਾਜਪਾ ਗਠਜੋੜ ਦਾ ਬਠਿੰਡਾ ਸ਼ਹਿਰ ਤੋਂ ਬਣ ਸਕਦਾ ਹੈ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 30 ਦਸੰਬਰ: ਸਥਾਨਕ ਸ਼ਹਿਰ ਦੇ ਪ੍ਰਮੁੱਖ ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦਾ ਪੱਲਾ ਫ਼ੜ ਲਿਆ। ਉਨ੍ਹਾਂ ਨੂੰ ਪਾਰਟੀ ਵਿਚ ਕੈਪਟਨ ਤੋਂ ਇਲਾਵਾ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਜੀ ਆਇਆ ਕਿਹਾ। ਸ਼੍ਰੀ ਨੰਬਰਦਾਰ ਖ਼ੁਦ ਬਠਿੰਡਾ ਸ਼ਹਿਰੀ ਹਲਕੇ ਤੋਂ ਪਾਰਟੀ ਦੇ ਟਿਕਟ ਦਾਅਵੇਦਾਰ ਸਨ ਤੇ ਉਨ੍ਹਾਂ ਦੇ ਮਹਰੂਮ ਪਿਤਾ ਨੇ ਵੀ ਇਸ ਹਲਕੇ ਤੋਂ ਚੋਣ ਲੜੀ ਸੀ। ਜਦੋਂਕਿ ਨੰਬਰਦਾਰ ਦਾ ਪੁੱਤਰ ਸ਼ਹਿਰ ਦਾ ਕੋਂਸਲਰ ਹੈ। ਹਾਲਾਂਕਿ ਮਨਪ੍ਰੀਤ ਬਾਦਲ ਦੇ ਨਜਦੀਕੀ ਦਾਅਵਾ ਕਰ ਰਹੇ ਹਨ ਕਿ ਵਿਰੋਧੀ ਵੋਟਾਂ ਦੀ ਵੰਡ ਉਨ੍ਹਾਂ ਦੀ ਜਿੱਤ ਨੂੰ ਹੋਰ ਪੱਕਾ ਕਰੇਗੀ ਪ੍ਰੰਤੂ ਸਿਆਸੀ ਮਾਹਰ ਇਸਨੂੰ ਕਾਂਗਰਸ ਲਈ ਨੁਕਸਾਨਦੇਹ ਦੱਸ ਰਹੇ ਹਨ। ਗੌਰਤਲਬ ਹੈ ਕਿ ਵਿਤ ਮੰਤਰੀ ਨਾਲ ਨਰਾਜ਼ ਚੱਲ ਰਹੇ ਰਾਜ ਨੰਬਰਦਾਰ ਨੇ ਪਿਛਲੇ ਦਿਨੀਂ ਸ਼ਹਿਰ ਵਿਚ ਅਪਣੇ ਦਿਓ-ਕੱਦ ਫਲੈਕਸ ਲਗਾ ਕੇ ਤਰਥੱਲੀ ਮਚਾ ਦਿੱਤੀ ਸੀ, ਜਿਸ ਵਿਚ ‘ਨਾ ਡਰ ਨਾ ਭਿ੍ਰਸਟਾਚਾਰ’ ਦੀ ਇਬਾਰਤ ਲਿਖ਼ ਕੇ ਅਸਿੱਧੇ ਤੌਰ ‘ਤੇ ਵਿਤ ਮੰਤਰੀ ਉਪਰ ਚੋਟ ਕੀਤੀ ਗਈ ਸੀ। ਇਸਦੇ ਜਵਾਬ ਵਿਚ ਮੰਤਰੀ ਵਲੋਂ ਵੀ ਸ਼ਹਿਰ ਦੇ ਅੱਠ ਕਾਂਗਰਸੀ ਆਗੂਆਂ ਦੀ ਫ਼ੋਟੋਆਂ ਵਾਲੇ ਫਲੈਕਸ ਲਗਾਏ ਗਏ ਸਨ। ਇੱਥੇ ਦਸਣਾ ਬਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਤੇ ਉਸਦੀ ਟੀਮ ਵਲੋਂ ਬਠਿੰਡਾ ਵਰਗੇ ਵੱਡੇ ਮਹਾਂਨਗਰ ਨੂੰ ਗਿੱਦੜਵਹਾ ਦੀ ਤਰਜ਼ ’ਤੇ ‘ਚਲਾਉਣ’ ਕਾਰਨ ਸ਼ਹਿਰ ਦੇ ਜਿਆਦਾਤਰ ਟਕਸਾਲੀ ਕਾਂਗਰਸੀਆਂ ਵਿਚ ਨਰਾਜ਼ਗੀ ਪਾਈ ਜਾ ਰਹੀ ਹੈ। ਉਧਰ ਪਾਰਟੀ ਛੱਡਣ ਤੋਂ ਬਾਅਦ ਰਾਜ ਨੰਬਰਦਾਰ ਨੇ ਦਾਅਵਾ ਕੀਤਾ ਕਿ ‘‘ ਜਿੱਥੇ ਵੀ ਉਸਦੀ ਡਿਊਟੀ ਲਗਾਈ ਜਾਵੇਗੀ ਤੇ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਨਾਲ ਹੀ ਸ਼ਹਿਰ ’ਚ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ, ਨਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਤੇ ਪੁਲਿਸ ਡਰਾਵੇਂ ਦੇ ਭੈਅ ਤੋਂ ਸ਼ਹਿਰੀਆਂ ਨੂੰ ਮੁਕਤ ਕਰਨ ਦਾ ਵੀ ਬੀੜਾ ਚੁੱਕਣਗੇ। ’’
ਕਾਂਗਰਸ ਨੂੰ ਝਟਕਾ: ਬਠਿੰਡਾ ਦੇ ਟਕਸਾਲੀ ਆਗੂ ਨੇ ਫ਼ੜਿਆ ਕੈਪਟਨ ਦਾ ਪੱਲਾ
7 Views