ਸੁਖਜਿੰਦਰ ਮਾਨ
ਬਠਿੰਡਾ, 02 ਜਨਵਰੀ: ਪਿਛਲੇ ਕਈ ਦਿਨਾਂ ਤੋਂ ਲੋਕਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਨਾ ਲੜਣ ਬਾਰੇ ਚੱਲ ਰਹੀਆਂ ਚਰਚਾਵਾਂ ਦਾ ਅੰਤ ਕਰਦਿਆਂ ਵਿੱਤ ਮੰਤਰੀ ਤੇ ਸਥਾਨਕ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ‘‘ ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਹੀ ਕਾਂਗਰਸ ਦੀ ਟਿਕਟ ’ਤੇ ਚੋਣ ਲੜਣਗੇ। ’’ ਅੱਜ ਕਈ ਦਿਨਾਂ ਬਾਅਦ ਹਲਕੇ ’ਚ ਪੁੱਜੇ ਸ: ਬਾਦਲ ਨੇ ਕਿਹਾ ਕਿ ਬਠਿੰਡਾ ਮੇਰਾ ਪਰਿਵਾਰ ਹੈ ਤੇ ਇੱਥੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਇਸ ਮੌਕੇ ਅਕਾਲੀਆਂ ’ਤੇ ਹਮਲੇ ਕਰਦਿਆਂ ਕਿਹਾ ਕਿ 10 ਸਾਲ ਰਾਜ ਕਰਨ ਵਾਲੇ ਜਵਾਬ ਦੇਣ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ ਜਦੋਂਕਿ ਆਪ ਦੇ ਜਿੱਤੇ 20 ਵਿਧਾਇਕ ਹੀ ਇਕੱਠੇ ਨਹੀਂ ਰਹਿ ਸਕੇ ਤੇ ਉਹ ਤਾਂ ਝਾੜੂ ਪਹਿਲਾਂ ਹੀ ਖਿੱਲਰ ਚੁੱਕਿਆ ਹੈ, ਇਸ ਲਈ ਲੋਕ ਕਾਂਗਰਸ ਪਾਰਟੀ ਨੂੰ ਦੁਬਾਰਾ ਮੌਕਾ ਦੇਣਗੇ। ਵਿੱਤ ਮੰਤਰੀ ਨੇ ਸ਼ਹਿਰ ਦੇ ਚਹੁੰ ਮੁਖੀ ਵਿਕਾਸ ਦਾ ਦਾਅਵਾ ਕਰਦਿਆਂ ਕਿਹਾ ਕਿ ‘‘ਬੰਦ ਫਾਟਕਾਂ ਤੇ ਪੁਲਾਂ ਦਾ ਨਿਰਮਾਣ ਪੂਰਾ ਹੋਣ ਤੇ ਇਸ ਇਲਾਕੇ ਦੀ ਤਸਵੀਰ ਬਦਲੇਗੀ। ’’ ਇਸੇ ਤਰ੍ਹਾਂ ਸਕੂਲਾਂ ਦੀ ਦੁਰਦਸ਼ਾ ਸੁਧਾਰਨ ਲਈ ਨਵੀਂਆਂ ਬਿਲਡਿੰਗਾਂ ਦਾ ਨਿਰਮਾਣ, 4 ਕਰੋੜ ਦੀ ਲਾਗਤ ਨਾਲ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ, ਨਹਿਰ ਨੂੰ ਪੱਕੀ ਕਰਨ, 7 ਕਿਲੋਮੀਟਰ ਸੈਰਗਾਹ ਬਣਾਉਣ, ਸਹਾਇਕ 7 ਕਿਲੋ ਮੀਟਰ ਸਾਈਕਲਿੰਗ ਟਰੈਕ ਬਣਾਉਣ ਲਈ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕਰਨ ,ਨਵੇਂ ਪਾਰਕ, ਪਾਣੀ ਦੀਆਂ ਟੈਂਕੀਆਂ ,ਬਰਸਾਤੀ ਪਾਣੀ ਦੇ ਨਿਕਾਸ, ਇੰਟਰਲਾਕ ਟਾਈਲਾਂ ਲਾ ਕੇ ਸ਼ਹਿਰ ਨੂੰ ਸੁੰਦਰ ਬਨਾਉਣ ਸਮੇਤ ਪੰਜਾਬ ਸਰਕਾਰ ਵੱਲੋਂ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ, ਸੋਲਰ ਪੁਆਇੰਟ ਘਰ ਘਰ ਲਾਉਣ, ਬਿਜਲੀ ਬਿੱਲ ਦੇ ਬਕਾਏ ਮੁਆਫ਼ ਕਰਨ,, ਬੇਘਰਾਂ ਨੂੰ ਘਰਾਂ ਦੇ ਮਾਲਕੀ ਹੱਕ ਦੇਣ ਵਰਗੇ ਇਤਿਹਾਸਕ ਫੈਸਲਿਆਂ ਨੇ ਸ਼ਹਿਰ ਬਠਿੰਡਾ ਦੀ ਤਸਵੀਰ ਬਦਲ ਕੇ ਰੱਖ ਦਿੱਤੀ। ਇਸ ਮੌਕੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ,ਜੈਜੀਤ ਜੌਹਲ,ਕੇਕੇ ਅਗਰਵਾਲ ,ਰਾਜਨ ਗਰਗ, ਟਹਿਲ ਸੰਧੂ,ਮੋਹਨ ਲਾਲ ਝੂੰਬਾ,ਰਮਨ ਗੌਇਲ, ਅਸ਼ੋਕ ਕੁਮਾਰ ਸਮੇਤ ਸਮੂਹ ਕੌਂਸਲਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।
Share the post "ਵਿਤ ਮੰਤਰੀ ਨੇ ਕੀਤਾ ਦਾਅਵਾ, ਬਠਿੰਡਾ ਤੋਂ ਹੀ ਕਾਂਗਰਸ ਦੀ ਟਿਕਟ ’ਤੇ ਲੜਾਂਗਾ ਚੋਣ"